
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਚਿਲਡਰਨ ਹੋਮ ਤੇ ਸ਼ੈਲਟਰ ਹੋਮਜ਼ ਦੀ ਜਾਂਚ
ਜਾਂਚ ਟੀਮ ਵੱਲੋਂ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ, ਕਰੋਨਾ ਸਬੰਧੀ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਹਦਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਜ਼ਿਲ੍ਹੇ ਅੰਦਰ ਚੱਲਦੇ ਵੱਖ-ਵੱਖ ਚਿਲਡਰਨ ਹੋਮ, ਆਬਜ਼ਰਵੇਸ਼ਨ ਹੋਮ ਅਤੇ ਸ਼ੈਲਟਰ ਹੋਮਜ਼ ਦੀ ਜਾਂਚ ਕੀਤੀ ਗਈ ਅਤੇ ਮੁੱਢਲੀ ਜਾਂਚ ਵਿੱਚ ਸਾਰੇ ਹੋਮਜ਼ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਗਈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਪਣੇ ਫਾਊਂਡੇਸ਼ਨ, ਸੋਹਾਣਾ, ਗੁਰੂ ਆਸਰਾ ਟਰੱਸਟ ਮੁਹਾਲੀ ਸਮੇਤ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ਖਰੜ, ਮਾਤਾ ਗੁਜਰੀ ਸੁੱਖ ਨਿਵਾਸ ਖਾਨਪੁਰ ਖਰੜ ਅਤੇ ਯੂਨੀਵਰਸਲ ਡਿਸਏਬਲਡ ਕੇਅਰ ਟੇਕਸ ਸੁਸਾਇਟੀ ਪਡਿਆਲਾ, ਚਿਲਡਰਨ ਹੋਮ, ਦੁਸਾਰਨਾ ਅਤੇ ਫ਼ਰਿਸ਼ਤਾ ਚਿਲਡਰਨ ਵੀਲੇਜ਼, ਮੁਕੰਦਪੁਰ ਡੇਰਾਬੱਸੀ ਦੀ ਜਾਂਚ ਕੀਤੀ ਗਈ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਸਾਰੇ ਹੋਮਜ਼ ਵਿੱਚ ਰਹਿਣ ਸਹਿਣ, ਖਾਣ ਪੀਣ ਅਤੇ ਹੋਰ ਲੋੜਾਂ ਦੀ ਪੂਰਤੀ ਸਬੰਧੀ ਜਾਂਚ ਕੀਤੀ ਗਈ ਅਤੇ ਸਾਰੀਆਂ ਸੰਸਥਾਵਾਂ ਵਿੱਚ ਇਸ ਸਭ ਕੁਝ ਠੀਕ ਠਾਕ ਪਾਇਆ ਗਿਆ ਅਤੇ ਅਥਾਰਟੀ ਨੇ ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਦੱਸਣ ਲਈ ਕਿਹਾ ਗਿਆ ਪਰ ਕਿਤੇ ਵੀ ਕੋਈ ਘਾਟ ਨਜ਼ਰ ਨਹੀਂ ਆਈ।
ਸ੍ਰੀ ਰਾਏ ਨੇ ਦੱਸਿਆ ਕਿ ਅਥਾਰਟੀ ਵੱਲੋਂ ਪ੍ਰਬੰਧਕਾਂ ਨੂੰ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਸੰਸਥਾਵਾਂ ਵਿੱਚ ਰਹਿ ਰਹੇ ਵਿਅਕਤੀਆਂ ਦੀ ਸੁਰੱਖਿਆ ਬਾਬਤ ਕੋਵਿਡ ਦੇ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣ, ਜਿਵੇਂ ਕਿ ਮਾਸਕ ਲਗਾ ਕੇ ਰੱਖਣ, ਫਿਜ਼ੀਕਲ ਦੂਰੀ ਬਣਾ ਕੇ ਰੱਖਣ ਅਤੇ ਵਾਰ ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਲਈ ਕਿਹਾ ਗਿਆ। ਨਾਲ ਹੀ ਇਹ ਵੀ ਹਦਾਇਤ ਕੀਤੀ ਗਈ ਕਿ ਹੋਮਜ਼ ਵਿੱਚ ਰਹਿਣ ਵਾਲਿਆਂ ਤੇ ਪ੍ਰਬੰਧਕਾਂ ਦਾ ਸਮੇਂ ਸਮੇਂ ਸਿਰ ਮੈਡੀਕਲ ਚੈਕਅਪ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।