
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਹਾਰਾਸ਼ਟਰ ਦੀ ਅੌਰਤ ਨੂੰ ਦੋ ਸਾਲ ਬਾਅਦ ਪਰਿਵਾਰ ਨਾਲ ਮਿਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ (ਮੁਹਾਲੀ) ਦੀ ਸਕੱਤਰ-ਕਮ-ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਸ਼ਿਖਾ ਗੋਇਲ ਨੇ ਇੱਥੋਂ ਦੇ ਪ੍ਰਭ ਆਸਰਾ ਕੇਂਦਰ ਵਿੱਚ ਪਿਛਲੇ ਦੋ ਸਾਲ ਤੋਂ ਰਹਿ ਰਹੀ ਮਹਾਰਾਸ਼ਟਰ ਦੀ ਇਕ ਅੌਰਤ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ। ਦੱਸਿਆ ਗਿਆ ਹੈ ਕਿ ਇਹ ਅੌਰਤ ਪਰਿਵਾਰਕ ਮੈਂਬਰਾਂ ਨਾਲ ਰੁੱਸ ਕੇ ਘਰ ਤੋਂ ਆ ਗਈ ਸੀ ਅਤੇ ਕੁਝ ਵਿਅਕਤੀਆਂ ਨੇ ਉਸ ਨੂੰ ਗੁਮਰਾਹ ਕਰਕੇ ਰੂਪਨਗਰ ਨੇੜੇ ਛੱਡ ਦਿੱਤਾ। ਇਸ ਮਗਰੋਂ ਰੂਪਨਗਰ ਪੁਲੀਸ ਦੇ ਕਰਮਚਾਰੀ ਉਕਤ ਅੌਰਤ ਰਸ਼ੀਦਾ ਖਾਨ ਨੂੰ ਪ੍ਰਭ ਆਸਰਾ ਕੇਂਦਰ ਪਡਿਆਲਾ ਵਿੱਚ ਛੱਡ ਗਏ ਸੀ। ਜਿੱਥੇ ਪਿਛਲੇ ਦੋ ਸਾਲਾਂ ਤੋਂ ਸੰਸਥਾ ਦੇ ਸੰਚਾਲਕ ਭਾਈ ਸ਼ਮਸ਼ੇਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਦੇਖਭਾਲ ਕੀਤੀ ਜਾ ਰਹੀ ਸੀ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਸ਼ਿਖਾ ਗੋਇਲ ਨੇ ਉਨ੍ਹਾਂ ਦੱਸਿਆ ਕਿ ਪ੍ਰਭ ਆਸਰਾ ਕੇਂਦਰ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਬਜ਼ੁਰਗ ਪੁਰਸ਼, ਅੌਰਤਾਂ ਅਤੇ ਬੱਚੇ ਸ਼ਾਮਲ ਹਨ, ਲਾਵਾਰਿਸਾਂ ਵਾਂਗ ਆਪਣਾ ਜੀਵਨ ਬਸਰ ਕਰ ਰਹੇ ਹਨ। ਜਿਨ੍ਹਾਂ ਵਿੱਚ ਕਾਫ਼ੀ ਪੀੜਤ ਮੰਦਬੁੱਧੀ ਹਨ। ਭਾਈ ਸ਼ਮਸ਼ੇਰ ਸਿੰਘ ਤੇ ਉਨ੍ਹਾਂ ਦੀ ਟੀਮ ਅਜਿਹੇ ਵਿਅਕਤੀਆਂ ਨੂੰ ਆਪਣੀ ਸੰਸਥਾ ਵਿੱਚ ਘਰ ਵਰਗਾ ਮਾਹੌਲ ਮੁਹੱਈਆ ਕਰਵਾਏ ਰਹੇ ਹਨ। ਉਨ੍ਹਾਂ ਦੱਸਿਆ ਕਿ ਰਸ਼ੀਦਾ ਖਾਨ ਦੇ ਪਰਿਵਾਰ ਵਾਲਿਆਂ ਦਾ ਪਤਾ ਲਗਾਉਣ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਦੀ ਵਕੀਲ ਸ੍ਰੀਮਤੀ ਗੀਤਾਂਜਲੀ ਬਾਲੀ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਸੀ। ਜਿਨ੍ਹਾਂ ਨੇ ਪ੍ਰਭ ਆਸਰਾ ਕੇਂਦਰ ਦੇ ਸਹਿਯੋਗ ਨਾਲ ਬੜੀ ਮੁਸ਼ਕਲ ਨਾਲ ਉਕਤ ਅੌਰਤ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਇੱਥੇ ਸੱਦਿਆ ਅਤੇ ਰਸ਼ੀਦਾ ਖਾਨ ਨੂੰ ਉਸ ਦੇ ਭਰਾ ਮੋਇਨ ਖਾਨ ਦੇ ਹਵਾਲੇ ਕੀਤਾ ਗਿਆ। ਇਹ ਅੌਰਤ ਬੀਤੇ ਦਿਨੀਂ ਸ਼ਾਮ ਨੂੰ ਆਪਣੇ ਘਰ ਚਲੀ ਗਈ ਹੈ।