
ਸਕੂਲ ਆਫ਼ ਐਮੀਨੈੱਸ’ ਦੇ ‘ਚਿੰਨ’ ਦੇ ਡਿਜ਼ਾਈਨ ਤਿਆਰ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ-ਅੰਦੇਸ਼ੀ ਸੋਚ ਸਦਕਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਆਪ ਸਰਕਾਰ ਵੱਲੋਂ ਪਹਿਲੇ ਫੇਜ਼ ਵਿੱਚ 100 ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈੱਸ’ (ਉੱਤਮ ਸਕੂਲ) ਵਿੱਚ ਬਦਲੇ ਜਾਣਗੇ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਲਜਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿਖੇ ‘ਸਕੂਲ ਆਫ਼ ਐਮੀਨੈੱਸ’ ਦੇ ‘ਐਂਬਲੈਮ’ (ਚਿੰਨ) ਦੇ ਡਿਜ਼ਾਈਨ ਤਿਆਰ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈ ਇਸ ਪ੍ਰਤੀਯੋਗਤਾ ਦਾ ਮੰਤਵ ‘ਸਕੂਲ ਆਫ਼ ਐਮੀਨੈੱਸ’ ਤਹਿਤ ਗੁਣਾਤਮਕ ਅਤੇ ਸਰਬਪੱਖੀ ਸਿੱਖਿਆ ਦਾ ਵਾਤਾਵਰਨ ਸਿਰਜਣ ਲਈ ਮੁੱਢਲੀਆਂ ਸਹੂਲਤਾਂ ਨੂੰ ਦਰਸਾਉਂਦਾ ਇੱਕ ਚਿੰਨ (ਲੋਗੋ) ਦਾ ਡਿਜ਼ਾਈਨ ਤਿਆਰ ਕਰਨਾ ਹੈ। ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਪ੍ਰਤੀਯੋਗਤਾ ਵਿੱਚ ਤਿਆਰ ਕੀਤੇ ਲੋਗੋ ਦੇ ਡਿਜ਼ਾਇਨਾਂ ਨੂੰ ਸੀਲ ਬੰਦ ਕਰਕੇ ਮੁੱਖ ਦਫ਼ਤਰ ਵਿੱਚ ਭੇਜੇ ਗਏ ਹਨ। ਇਨ੍ਹਾਂ ’ਚੋਂ ਸੂਬਾ ਪੱਧਰ ’ਤੇ ਪਹਿਲਾ ਸਥਾਨ ਮੱਲਣ ਵਾਲੇ ਨੂੰ 5100 ਰੁਪਏ, ਦੂਜੇ ਸਥਾਨ ਨੂੰ 3100 ਰੁਪਏ ਅਤੇ ਤੀਜੇ ਨੂੰ 2100 ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ 10 ਵਧੀਆ ਲੋਗੋ ਡਿਜ਼ਾਈਨ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਕੰਚਨ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਖ਼ਾਸ ਤਿਆਰੀ ਕਰਕੇ ਇਹ ਪ੍ਰਤੀਯੋਗਤਾ ਕਰਵਾਈ ਗਈ। ਇਹ ਮੌਕੇ ਸਕੂਲ ਪ੍ਰਿੰਸੀਪਲ ਸ਼ਲਿੰਦਰ ਸਿੰਘ, ਲੈਕਚਰਾਰ ਫਾਈਨ ਆਰਟਸ ਡਾ. ਰਮਿਤ ਵਾਸੂਦੇਵ ਅਤੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।