Nabaz-e-punjab.com

ਮੁਹਾਲੀ ਵਿੱਚ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਬੰਧੀ ਫੁੱਲ ਡਰੈੱਸ ਰਿਹਰਸਲ, ਪ੍ਰਬੰਧ ਮੁਕੰਮਲ

ਸੁਰੱਖਿਆ ਦੇ ਸਖ਼ਤ ਇੰਤਜ਼ਾਮ, ਸਮੂਹ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ, ਗਸ਼ਤ ਤੇਜ਼: ਐਸਐਸਪੀ ਚਾਹਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਇੱਥੋਂ ਦੇ ਸਰਕਾਰੀ ਕਾਲਜ ਫੇਜ਼-6 ਵਿੱਚ 73ਵਾਂ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਅੱਜ ਪੁਲੀਸ ਦੀਆਂ ਵੱਖ ਵੱਖ ਟੁਕੜੀਆਂ ਅਤੇ ਸਕੂਲੀ ਬੱਚਿਆਂ ਦੀ ਫੁੱਲ ਡ੍ਰੈੱਸ ਰਿਹਰਸਲ ਕਰਵਾਈ ਗਈ। ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕੀਤਾ। ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਉਨ੍ਹਾਂ ਨੂੰ ਐਸਕਾਰਟ ਕੀਤਾ। ਪਰੇਡ ਵਿੱਚ ਪੁਲੀਸ, ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀ), ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ, ਸਰਕਾਰੀ ਕਾਲਜ ਫੇਜ਼-6, ਸ਼ਿਵਾਲਿਕ ਪਬਲਿਕ ਸਕੂਲ, ਸਰਕਾਰੀ ਮੈਰੀਟੋਰੀਅਸ ਸਕੂਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੋਹਾਣਾ ਨੇ ਭਾਗ ਲਿਆ।
ਇਸ ਉਪਰੰਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜੇ ਮੌਕੇ ਸਮਾਗਮ ਵਿੱਚ ਪੇਸ਼ ਕੀਤੇ ਜਾਣ ਵਾਲੇ ਵੱਖ ਵੱਖ ਰੰਗਾਰੰਗ ਪ੍ਰੋਗਰਾਮਾਂ ਦੀਆਂ ਫੁੱਲ ਡਰੈੱਸ ਵਿੱਚ ਪੇਸ਼ਕਾਰੀਆਂ ਦਿੱਤੀਆਂ। ਲਗਭਗ 1150 ਬੱਚਿਆਂ ਨੇ ਪੀਟੀ ਸ਼ੋਅ, ਪਰੇਡ ਅਤੇ ਰੰਗਾਰੰਗ ਪ੍ਰੋਗਰਾਮ ਵਿੱਚ ਭਾਗ ਲਿਆ। ਸਭਿਆਚਾਰਕ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫ਼ੀਆਂ ਅਤੇ ਭੰਗੜਾ ਪੇਸ਼ ਕੀਤਾ।
ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਰਕਾਰੀ ਕਾਲਜ ਵਿੱਚ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਮੁੱਖ ਮਹਿਮਾਨ ਹੋਣਗੇ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਸਾਰੀਆਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਹਦਾਇਤ ਕੀਤੀ ਕਿ ਸਮਾਰੋਹ ਦੌਰਾਨ ਵੱਖ ਵੱਖ ਵੰਨਗੀਆਂ ਵਿੱਚ ਭਾਗ ਲੈਣ ਵਾਲੇ ਸਕੂਲੀ ਬੱਚਿਆਂ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ। ਫੁੱਲ ਡ੍ਰੈੱਸ ਰਿਹਰਸਲ ਮੌਕੇ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਐਸਡੀਐਮ ਜਗਦੀਪ ਸਹਿਗਲ, ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਿੰਮਤ ਸਿੰਘ ਹੁੰਦਲ ਵੀ ਹਾਜ਼ਰ ਸਨ।
ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਸਬੰਧੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਅਤੇ ਹੋਰ ਥਾਵਾਂ ਉੱਤੇ ਵੱਡੀ ਗਿਣਤੀ ਵਿੱਚ ਪੁਲੀਸ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ 24 ਘੰਟੇ ਪੁਲੀਸ ਟੀਮਾਂ ਵੱਲੋਂ ਸਮੂਹ ਐਂਟਰੀ ਪੁਆਇੰਟਾਂ ਅਤੇ ਸੰਪਰਕ ਸੜਕਾਂ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਹੋਟਲਾਂ, ਕਿਰਾਏਦਾਰਾਂ, ਰੇਲਵੇ ਸਟੇਸ਼ਨ ਤੇ ਬੱਸ ਅੱਡਿਆਂ ’ਤੇ ਚੈਕਿੰਗ ਮੁਹਿੰਮ ਚਲਾਈ ਹੋਈ ਹੈ। ਇਸ ਤੋਂ ਇਲਾਵਾ ਪੀਸੀਆਰ ਟੀਮਾਂ ਵੱਲੋਂ ਨਿਰੰਤਰ ਗਸ਼ਤ ਕੀਤੀ ਜਾ ਰਹੀ ਹੈ। ਸ੍ਰੀ ਚਾਹਲ ਨੇ ਕਿਹਾ ਕਿ ਆਜ਼ਾਦੀ ਦਿਵਸ ਸਮਾਰੋਹ ਵਾਲੀ ਥਾਂ 600 ਪੁਲੀਸ ਜਵਾਨ ਤਾਇਨਾਤ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…