Nabaz-e-punjab.com

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਰਾਤ ਦੇ ਕਰਫ਼ਿਊ ਦਾ ਐਲਾਨ

ਮਾਸਕ ਨਾ ਪਾਉਣ ’ਤੇ ਜੁਰਮਾਨਾ ਰਾਸ਼ੀ 500 ਰੁਪਏ ਤੋਂ ਵਧਾ ਕੇ 1 ਹਜ਼ਾਰ ਰੁਪਏ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਮੁਹਾਲੀ ਜ਼ਿਲ੍ਹੇ ਵਿੱਚ ਅੱਜ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਨਵੀਆਂ ਪਾਬੰਦੀਆਂ ਦੇ ਨਾਲ-ਨਾਲ ਮਾਸਕ ਨਾ ਪਾਉਣ ‘ਤੇ ਜੁਰਮਾਨੇ ਦੀ ਰਾਸ਼ੀ 500 ਰੁਪਏ ਤੋਂ ਵਧਾ ਕੇ 1 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰ ਸਮੇਤ ਸਾਰੇ ਕਸਬਿਆਂ ਦੀਆਂ ਮਿਉਂਸੀਪਲ ਹੱਦਾਂ ਅੰਦਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ’ਤੇ ਮੁਕੰਮਲ ਰੋਕ ਹੋਵੇਗੀ।
ਜ਼ਿਲ੍ਹਾ ਮੈਜਿਸਟੇ੍ਰਟ ਗਿਰੀਸ਼ ਦਿਆਲਨ ਨੇ ਕਿਹਾ ਕਿ ਹਾਲਾਂਕਿ ਜ਼ਰੂਰੀ ਗਤੀਵਿਧੀਆਂ ਜਿਵੇਂ ਕਿ ਉਦਯੋਗ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਵੱਖ-ਵੱਖ ਸ਼ਿਫ਼ਟਾਂ ਆਦਿ, ਕੌਮੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਮਾਲ ਲਾਹੁਣ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ’ਚੋਂ ਉੱਤਰਨ ਤੋਂ ਬਾਅਦ ਵਿਅਕਤੀਆਂ ਨੂੰ ਉਨ੍ਹਾਂ ਦੀ ਮੰਜ਼ਲ ’ਤੇ ਜਾਣ ਦੀ ਪੁਰੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਹੋਟਲ ਅਤੇ ਹੋਰ ਪ੍ਰਾਹੁਣਚਾਰੀ ਇਕਾਈਆਂ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਸਮੇਤ ਸ਼ਾਪਿੰਗ ਮਾਲਾਂ/ਮਲਟੀਕੰਪਲੈਕਸਾਂ ਅੰਦਰਲੇ ਰੈਸਟੋਰੈਂਟ/ਹੋਟਲ ਰਾਤ 9:30 ਤੱਕ ਬੰਦ ਹੋਣਗੇ। ਸ੍ਰੀ ਦਿਆਲਨ ਨੇ ਕਿਹਾ ਕਿ ਮੁਹਾਲੀ ਦੇ ਐਸਐਸਪੀ, ਐਸਡੀਐਮ, ਸਿਵਲ ਸਰਜਨ, ਨਗਰ ਨਿਗਮ ਦੇ ਕਮਿਸ਼ਨਰ, ਨਗਰ ਕੌਂਸਲਾਂ ਦੇ ਸਾਰੇ ਕਾਰਜਸਾਧਕ ਅਫ਼ਸਰ ਸਮਾਜਿਕ ਦੂਰੀ ਦੇ ਨਿਯਮਾਂ ਭਾਵ ਸਾਰੀਆਂ ਗਤੀਵਿਧੀਆਂ ਲਈ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣਗੇ। ਉਕਤ ਅਧਿਕਾਰੀ ਜਨਤਕ ਅਤੇ ਕੰਮ ਵਾਲੀਆਂ ਥਾਵਾਂ ਆਦਿ ‘ਤੇ ਸਾਰੇ ਵਿਅਕਤੀਆਂ ਵੱਲੋਂ ਮਾਸਕ ਪਹਿਨਣ, ਨਾ ਥੁੱਕਣ ਅਤੇ ਵਾਰ-ਵਾਰ ਹੱਥ ਧੋਣ/ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਸਬੰਧਤ ਅਥਾਰਟੀਆਂ ਵੱਲੋਂ ਸਾਰੀਆਂ ਜਨਤਕ/ਕੰਮ ਵਾਲੀਆਂ ਥਾਵਾਂ ਆਦਿ ਦੀ ਨਿਯਮਤ ਸਫ਼ਾਈ ਨੂੰ ਯਕੀਨੀ ਬਣਾਉਣਾ ਵੀ ਲਾਜ਼ਮੀ ਹੋਵੇਗਾ ਜਿਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ ’ਤੇ ਥੁੱਕਣ ਸਬੰਧੀ ਜੁਰਮਾਨਾ 500 ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਉਲੰਘਣਾਵਾਂ ਲਈ ਆਫ਼ਤ ਪ੍ਰਬੰਧਨ ਐਕਟ 2005 ਅਤੇ ਇੰਡੀਅਨ ਪੀਨਲ ਕੋਡ, 1860 ਦੀਆਂ ਸਬੰਧਤ ਧਾਰਾਵਾਂ ਅਧੀਨ ਅਪਰਾਧਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਬ੍ਰਹਮਾਕੁਮਾਰੀ ਭੈਣਾਂ ਨੇ ਸੱੁਖ-ਸ਼ਾਂਤੀ ਭਵਨ ਵਿੱਚ ਧੂਮਧਾਮ ਨਾਲ ਮਨਾਇਆ ਨਵਾਂ ਸਾਲ

ਬ੍ਰਹਮਾਕੁਮਾਰੀ ਭੈਣਾਂ ਨੇ ਸੱੁਖ-ਸ਼ਾਂਤੀ ਭਵਨ ਵਿੱਚ ਧੂਮਧਾਮ ਨਾਲ ਮਨਾਇਆ ਨਵਾਂ ਸਾਲ ਨਬਜ਼-ਏ-ਪੰਜਾਬ, ਮੁਹਾਲੀ, 1…