ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਫ਼ਸਲ ਕੱਟਣ ’ਤੇ ਪਾਬੰਦੀ

ਬਿਨਾਂ ਐਸਐਮਐਸ ਲਗਾਏ ਕਿਸੇ ਵੀ ਕੰਬਾਈਨ ਦੇ ਫ਼ਸਲ ਕੱਟਣ ’ਤੇ ਪਾਬੰਦੀ

ਫ਼ਸਲ ਕੱਟਣ ਤੋਂ ਬਾਅਦ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾੜਨ ’ਤੇ ਵੀ ਲਗਾਈ ਪਾਬੰਦੀ

ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਮੁਹਾਲੀ ਸਮੇਤ ਪੰਜਾਬ ਵਿੱਚ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਭਾਰਤੀਆ ਨਾਗਰਿਕ ਸੁਰੱਖਿਆ ਸੰਹਿਤਾ, 2023 (46 ਆਫ਼ 2023) ਦੀ ਧਾਰਾ 163 ਦੇ ਚੈਪਟਰ 11 ਅਧੀਨ ਮੁਹਾਲੀ ਜ਼ਿਲ੍ਹੇ ਦੀ ਹੱਦ ਅੰਦਰ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਫ਼ਸਲ ਕੱਟਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਉਨ੍ਹਾਂ ਨੇ ਕਣਕ ਕੱਟਣ ਤੋਂ ਬਾਅਦ ਰਹਿੰਦ ਖਹੂੰਦ ਨੂੰ ਖੇਤਾਂ ਵਿੱਚ ਸਾੜਨ ’ਤੇ ਵੀ ਮੁਕੰਮਲ ਰੋਕ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਰਾਹੀਂ ਬਿਨਾਂ ਐਸਐਮਐਸ ਲਗਾਏ ਕਿਸੇ ਵੀ ਕੰਬਾਈਨ ਰਾਹੀਂ ਵਾਢੀ ਕਰਨ ’ਤੇ ਵੀ ਪਾਬੰਦੀ ਰਹੇਗੀ। ਇਹ ਹੁਕਮ 31 ਮਈ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਫ਼ਸਲ ਦੀ ਕਟਾਈ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਜਿੱਥੇ ਰਾਤ ਨੂੰ ਕੰਬਾਈਨਾਂ ਚਲਾਉਣ ਨਾਲ ਹਾਦਸੇ ਵਾਪਰਨ ਦਾ ਖ਼ਤਰਾ ਵੱਧ ਜਾਂਦਾ ਹੈ, ਉੱਥੇ ਕੰਬਾਈਨਾਂ ਜਦੋਂ ਰਾਤ ਵੇਲੇ ਕਣਕ ਦੀ ਫ਼ਸਲ ਕੱਟਦੀਆਂ ਹਨ ਤਾਂ ਜਿਹੜੀ ਫ਼ਸਲ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਉਸ ਵਿੱਚ ਨਮੀ ਸਰਕਾਰ ਦੀਆਂ ਨਿਰਧਾਰਿਤ ਕੀਤੀਆਂ ਸਪੈਸੀਫਿਕੇਸ਼ਨਸ ਤੋਂ ਉੱਪਰ ਹੁੰਦੀ ਹੈ। ਜਿਸ ਕਾਰਨ ਖ਼ਰੀਦ ਏਜੰਸੀਆਂ ਅਜਿਹੀ ਫ਼ਸਲ ਨੂੰ ਖ਼ਰੀਦਣ ਤੋਂ ਅਸਮਰਥ ਹੁੰਦੀਆਂ ਹਨ।
ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਕਣਕ ਕੱਟਣ ਤੋਂ ਬਾਅਦ ਕਿਸਾਨਾਂ ਵੱਲੋਂ ਰਹਿੰਦ ਖਹੂੰਦ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ, ਜਿਸ ਦੇ ਫਲਸਰੂਪ ਇਸ ’ਚੋਂ ਨਿਕਲਣ ਵਾਲੀਆਂ ਗੈਸਾਂ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਨੁਕਸਾਨ ਵੀ ਹੁੰਦਾ ਹੈ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 10138/06 ਕੈਪਟਨ ਸਰਬਜੀਤ ਸਿੰਘ ਬਨਾਮ ਪੰਜਾਬ ਸਰਕਾਰ ਨੂੰ ਮੁੱਖ ਰੱਖਦਿਆਂ ਇਨ੍ਹਾਂ ਹੁਕਮਾਂ ਦੀ ਪਾਲਣਾ ਅਧੀਨ ਬਣਾਈ ਗਈ ਕਮੇਟੀ ਦੀ ਸਿਫ਼ਾਰਸ਼ ਲਾਗੂ ਕਰਨ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕਣਕ ਦੀ ਫ਼ਸਲ ਕੱਟਣ ਤੋਂ ਬਾਅਦ ਰਹਿੰਦ ਖਹੂੰਦ ਨੂੰ ਸਾੜਨ ’ਤੇ ਪਾਬੰਦੀ ਲਗਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਨਸ਼ਿਆਂ ਖ਼ਿਲਾਫ਼ ਮੁਹਿੰਮ: ਐੱਸਐੱਸਪੀ ਦੀਪਕ ਪਾਰਿਕ ਖ਼ੁਦ ਸੜਕਾਂ ’ਤੇ ਉੱਤਰੇ

ਨਸ਼ਿਆਂ ਖ਼ਿਲਾਫ਼ ਮੁਹਿੰਮ: ਐੱਸਐੱਸਪੀ ਦੀਪਕ ਪਾਰਿਕ ਖ਼ੁਦ ਸੜਕਾਂ ’ਤੇ ਉੱਤਰੇ ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ: …