ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰੋਨਾ ਦੇ ਮੱਦੇਨਜ਼ਰ ਮੁਹਾਲੀ ਵਿੱਚ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ

ਮੁਹਾਲੀ ਜ਼ਿਲ੍ਹੇ ਦੀਆਂ ਹੱਦ ਅੰਦਰ ਰਾਤ ਨੂੰ 10 ਵਜੇ ਤੋਂ ਸਵੇਰੇ ਤੜਕੇ 5 ਵਜੇ ਤੱਕ ਨਾਈਟ ਕਰਫ਼ਿਊ

ਗੈਰ-ਜ਼ਰੂਰੀ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ: ਈਸ਼ਾ ਕਾਲੀਆ

ਇੰਡੋਰ ਇਕੱਠ ਲਈ 50 ਵਿਅਕਤੀਆਂ ਅਤੇ ਆਊਟਡੋਰ ਇਕੱਠ ਲਈ 100 ਵਿਅਕਤੀਆਂ ਦੀ ਇਜਾਜ਼ਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਵਾਧੇ ਨੂੰ ਰੋਕਣ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਕੋਵਿਡ-19 ਕੇਸਾਂ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਵਾਧੂ ਪਾਬੰਦੀਆਂ ਲਗਾਉਣ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਤਾਜ਼ਾ ਹੁਕਮਾਂ ਵਿੱਚ ਕਿਹਾ ਕਿ ਸਾਰੇ ਵਿਅਕਤੀਆਂ ਵੱਲੋਂ ਜਨਤਕ ਥਾਵਾਂ, ਜਿਸ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਸ਼ਾਮਲ ਹਨ, ਵਿੱਚ ਮਾਸਕ ਲਾਜ਼ਮੀ ਹੋਵੇਗਾ ਅਤੇ ਇਸ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਸਮਾਜਿਕ ਦੂਰੀ ਭਾਵ ਸਾਰੀਆਂ ਗਤੀਵਿਧੀਆਂ ਲਈ ਘੱਟੋ-ਘੱਟ 6 ਫੁੱਟ ਦੀ ਦੂਰੀ ਹਮੇਸ਼ਾ ਹੋਣੀ ਚਾਹੀਦੀ ਹੈ।
ਹੁਕਮ ਮੁਤਾਬਕ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਲੱਗੇਗਾ ਜਿਸ ਦੌਰਾਨ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ। ਹਾਲਾਂਕਿ, ਜ਼ਰੂਰੀ ਗਤੀਵਿਧੀਆਂ ਜਿਵੇਂ ਕਿ ਉਦਯੋਗਾਂ, ਦਫ਼ਤਰਾਂ ਆਦਿ (ਸਰਕਾਰੀ ਅਤੇ ਨਿੱਜੀ ਦੋਵੇਂ) ਵਿੱਚ ਕਈ ਸ਼ਿਫ਼ਟਾਂ ਦਾ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਮਾਲ ਦੀ ਆਵਾਜਾਈ ਅਤੇ ਮਾਲ ਦੀ ਅਨਲੋਡਿੰਗ ਅਤੇ ਬੱਸਾਂ, ਰੇਲਗੱਡੀਆਂ ਅਤੇ ਗੱਡੀਆਂ ਤੋਂ ਉੱਤਰਨ ਤੋਂ ਬਾਅਦ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਮੰਜ਼ਲਾਂ ਤੱਕ ਪਹੁੰਚਾਉਣਾ ਅੌਰਤ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ।
ਇਸ ਤੋਂ ਇਲਾਵਾ ਸਮਰੱਥਾ ਦੀ 50 ਫੀਸਦੀ ਦੀ ਉੱਪਰਲੀ ਸੀਮਾ ਦੇ ਅਧੀਨ ਇੰਡੋਰ ਇਕੱਠ ਲਈ 50 ਵਿਅਕਤੀਆਂ ਅਤੇ ਆਊਟਡੋਰ ਇਕੱਠ ਲਈ 100 ਵਿਅਕਤੀਆਂ ਦੀ ਇਜਾਜ਼ਤ ਹੋਵੇਗੀ। ਇਹ ਇਕੱਤਰਤਾਵਾਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਦੇ ਅਧੀਨ ਹੋਣਗੀਆਂ। ਹੁਕਮਾਂ ਮੁਤਾਬਕ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਆਦਿ ਸਮੇਤ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਹਾਲਾਂਕਿ ਇਨ੍ਹਾਂ ਸੰਸਥਾਵਾਂ ਤੋਂ ਆਨਲਾਈਨ ਅਧਿਆਪਨ ਦੁਆਰਾ ਅਕਾਦਮਿਕ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਹਾਲਾਂਕਿ ਮੈਡੀਕਲ ਅਤੇ ਨਰਸਿੰਗ ਕਾਲਜ ਆਮ ਤੌਰ ’ਤੇ ਕੰਮ ਕਰਨਾ ਜਾਰੀ ਰੱਖ ਸਕਦੇ ਹਨ।
ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਅਜਾਇਬਘਰ, ਚਿੜੀਆਘਰ ਆਦਿ ਨੂੰ ਉਨ੍ਹਾਂ ਦੀ ਸਮਰੱਥਾ ਦੇ 50 ਫੀਸਦੀ ’ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਇਸ ਸ਼ਰਤ ਦੇ ਅਧੀਨ ਕਿ ਮੌਜੂਦ ਸਾਰੇ ਸਟਾਫ਼ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। ਸਾਰੇ ਖੇਡ ਕੰਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿਮ ਬੰਦ ਰਹਿਣਗੇ (ਰਾਸ਼ਟਰੀ/ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਨਾਲ-ਨਾਲ ਰਾਸ਼ਟਰੀ/ਅੰਤਰਰਾਸ਼ਟਰੀ ਖੇਡ ਸਮਾਗਮਾਂ ਦੇ ਆਯੋਜਨ ਲਈ ਖਿਡਾਰੀਆਂ ਦੀ ਸਿਖਲਾਈ ਲਈ ਵਰਤੇ ਜਾਣ ਨੂੰ ਛੱਡ ਕੇ)। ਦਰਸ਼ਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਏਸੀ ਬੱਸਾਂ ਸਮਰੱਥਾ ਦੇ 50 ਫੀਸਦੀ ’ਤੇ ਚੱਲਣਗੀਆਂ। ਗੈਰ-ਜ਼ਰੂਰੀ ਦੁਕਾਨਾਂ ਰਾਤ 8 ਵਜੇ ਤੱਕ ਹੀ ਖੁੱਲ੍ਹੀਆਂ ਰਹਿਣਗੀਆਂ। ਹਾਲਾਂਕਿ, ਸਾਰੀਆਂ ਦੁਕਾਨਾਂ ਅਤੇ ਜ਼ਰੂਰੀ ਵਸਤੂਆਂ ਜਿਵੇਂ ਕਿ ਭੋਜਨ, ਦਵਾਈਆਂ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ, ਪੋਲਟਰੀ ਦਾ ਵਪਾਰ ਕਰਨ ਵਾਲੇ ਵਾਹਨ/ਵਿਅਕਤੀਆਂ ਨੂੰ ਛੋਟ ਦਿੱਤੀ ਜਾਵੇਗੀ।

Load More Related Articles

Check Also

VB nabs General Manager PUNSUP red handed accepting Rs 1 lakh bribe

VB nabs General Manager PUNSUP red handed accepting Rs 1 lakh bribe Official car also take…