Nabaz-e-punjab.com

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਰੂਰੀ ਵਸਤਾਂ ਤੇ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਹੁਕਮ ਜਾਰੀ

ਮੁਹਾਲੀ ਵਿੱਚ ਦਿਨ-ਰਾਤ ਖੁੱਲ੍ਹੀਆਂ ਰਹਿਣਗੀਆਂ ਕੈਮਿਸਟ ਦੀਆਂ ਦੁਕਾਨਾਂ

ਚਿੜੀਆਘਰ ਦੀ ਦੇਖਰੇਖ, ਨਰਸਰੀਆਂ ਅਤੇ ਪੌਦੇ ਲਗਾਉਣ ਨੂੰ ਘੱਟ ਤੋਂ ਘੱਟ ਸਟਾਫ਼ ਨਾਲ ਦਿੱਤੀ ਮਨਜ਼ੂਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਕਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫਿਊ ਦੌਰਾਨ ਲੋੜੀਂਦੀਆਂ ਚੀਜ਼ਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਇਕ ਸੰਗਠਿਤ ਹੁਕਮ ਜਾਰੀ ਕੀਤਾ ਹੈ। ਹੁਕਮਾਂ ਵਿੱਚ ਕਾਨੂੰਨ ਅਤੇ ਵਿਵਸਥਾ ਜਾਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਵਾਲੇ ਵਿਅਕਤੀ (ਸਰਕਾਰੀ ਪਛਾਣ ਪੱਤਰ ਨਾਲ) ਕਾਰਜਕਾਰੀ ਮੈਜਿਸਟਰੇਟ, ਪੁਲੀਸ ਕਰਮਚਾਰੀ, ਸੈਨਿਕ, ਵਰਦੀ ਵਿੱਚ ਅਰਧ ਸੈਨਿਕ ਕਰਮਚਾਰੀ, ਸਿਹਤ ਅਧਿਕਾਰੀ, ਬਿਜਲੀ, ਪਾਣੀ ਦੀ ਸਪਲਾਈ, ਸੈਨੀਟੇਸ਼ਨ ਅਤੇ ਕੂੜਾ-ਕਰਕਟ ਇਕੱਠਾ ਕਰਨ ਤੇ ਸਫ਼ਾਈ ਸਮੇਤ ਨਗਰ ਨਿਗਮ ਅਤੇ ਨਿੱਜੀ ਏਜੰਸੀਆਂ ਵੱਲੋਂ ਯੋਗ ਡਿਊਟੀ ਆਰਡਰ ਨਾਲ ਕੰਮ ’ਤੇ ਲਗਾਏ ਅਧਿਕਾਰੀ/ਕਰਮਚਾਰੀ ਸ਼ਾਮਲ ਹਨ। ਸਰਕਾਰੀ ਕਰਮਚਾਰੀਆਂ ਨੂੰ ਵਿਭਾਗ ਦੇ ਮੁਖੀ ਵੱਲੋਂ ਡਿਊਟੀ ਆਰਡਰ ਨਾਲ ਜ਼ਰੂਰੀ ਡਿਊਟੀਆਂ/ਕੋਵਿਡ-19 ਸਬੰਧੀ ਡਿਊਟੀਆਂ ’ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਜ਼ਿਲ੍ਹੇ ਦੇ ਅੰਦਰ ਜਾਂ ਬਾਹਰ ਜਾਣ ਲਈ ਡਿਊਟੀ ’ਤੇ ਲਗਾਏ ਪੰਜਾਬ, ਹਰਿਆਣਾ ਅਤੇ ਯੂਟੀ ਦੇ ਕਰਮਚਾਰੀ ਸ਼ਾਮਲ ਹੋਣਗੇ।
ਅੱਜ ਜਾਰੀ ਕੀਤੇ ਇਨ੍ਹਾਂ ਤਾਜ਼ਾ ਹੁਕਮਾਂ ਵਿੱਚ ਵਿਸ਼ੇਸ਼ ਤੌਰ ’ਤੇ ਡੀਐਮ/ਏਡੀਐਮ/ਐਸਡੀਐਮ ਜਾਂ ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ ਵੱਲੋਂ ਪ੍ਰਵਾਨਿਤ ਸੀਮਤ ਕਰਫਿਊ ਪਾਸ ਪ੍ਰਾਪਤ ਵਿਅਕਤੀ ਵੀ ਸ਼ਾਮਲ ਹਨ। ਸਾਰੇ ਵਿਅਕਤੀਆਂ/ਵਾਹਨਾਂ ਨੂੰ ਅੰਤਰਰਾਜੀ ਅਤੇ ਜ਼ਿਲ੍ਹੇ ਵਿੱਚ ਆਵਾਜਾਈ ਲਈ ਤਸਦੀਕ ਕਰਨ ਉਪਰੰਤ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ। ਡਾਕਟਰਾਂ, ਨਰਸਾਂ, ਫਾਰਮਾਸਿਸਟਾਂ ਅਤੇ ਹੋਰ ਸਟਾਫ਼ ਨੂੰ ਵੀ ਆਪਣੇ ਅਦਾਰਿਆਂ ਜਿਵੇਂ ਕਿ ਪੀਐਚਸੀ, ਸੀਐੱਚਸੀ, ਪੀਜੀਆਈ, ਜੀਐੱਮਸੀਐੱਚ ਤੋਂ ਆਈਡੀ ਕਾਰਡ ਬਣਾਉਣ ਤੋਂ ਬਾਅਦ ਡਿਊਟੀ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਸਪਤਾਲ, ਕੈਮਿਸਟ ਦੁਕਾਨਾਂ ਅਤੇ ਏਟੀਐਮ ਦਿਨ-ਰਾਤ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੋਵੇਗੀ। ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਮੀਡੀਆ ਨਾਲ ਸਬੰਧਤ ਵਿਅਕਤੀਆਂ ਕੋਲ ਪੰਜਾਬ, ਹਰਿਆਣਾ, ਯੂਟੀ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਗੁਲਾਬੀ ਅਤੇ ਪੀਲੇ ਪਾਸ ਹੋਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਹੁਕਮਾਂ ਵਿੱਚ ਜ਼ਰੂਰੀ ਵਸਤੂਆਂ ਜਿਵੇਂ ਖਾਣ ਦੀਆਂ ਚੀਜ਼ਾਂ, ਫਲ, ਸਬਜ਼ੀਆਂ, ਡੇਅਰੀ ਉਤਪਾਦ, ਦਵਾਈਆਂ, ਮੈਡੀਕਲ ਉਪਕਰਨ, ਐਲਪੀਜੀ, ਪੋਲਟਰੀ, ਪਸ਼ੂ ਫੀਡ ਦਾ ਉਤਪਾਦਨ ਅਤੇ ਜ਼ਿਲੇ੍ਹ ਅੰਦਰ ਆਵਾਜਾਈ ਸ਼ਾਮਲ ਹੈ। ਇਸ ਦੇ ਨਾਲ ਹੀ ਸਬਜ਼ੀਆਂ, ਕਰਿਆਨੇ, ਅੰਡੇ, ਮੀਟ, ਪਸ਼ੂਆਂ ਅਤੇ ਪੋਲਟਰੀ ਲਈ ਹਰੇ ਅਤੇ ਸੁੱਕੇ ਚਾਰੇ, ਸੂਰਾਂ ਦੀ ਫੀਡ ਆਦਿ ਲੈ ਜਾਣ ਵਾਲੇ ਵਾਹਨ, ਏਟੀਐਮ ਕੈਸ਼ ਵੈਨਾਂ, ਐਲਪੀਜੀ, ਤੇਲ ਦੇ ਕੰਨਟੇਨਰ/ਟੈਂਕਰ, ਦੁੱਧ ਦੀ ਘਰ-ਘਰ ਡਲਿਵਰੀ ਕਰਨ ਵਾਲੇ, ਦਵਾਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸਪਲਾਈ ਕਰਨ ਵਾਲਿਆਂ ਦੇ ਨਾਲ ਫੇਰੀ ਵਾਲੇ, ਰੇਹੜੀਆਂ, ਦੋਧੀਆਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਹੁਕਮਾਂ ਵਿੱਚ ਖੇਤੀਬਾੜੀ/ਸਹਾਇਕ ਸੇਵਾਵਾਂ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚ ਖੇਤ ਵਿੱਚ ਕੰਮ ਕਰਨ ਵਾਲੇ, ਸਬਜ਼ੀਆਂ ਅਤੇ ਚਾਰੇ ਦੀ ਕਟਾਈ ਕਰਨ ਵਾਲੇ ਕਿਸਾਨ ਅਤੇ ਖੇਤ ਮਜ਼ਦੂਰ ਸ਼ਾਮਲ ਹਨ। ਖੇਤਾਂ ਵਿੱਚ ਕੰਮ ਕਰਨ ਵਾਲੀ ਮਸ਼ੀਨਰੀ ਜਿਸ ਵਿੱਚ ਕੰਬਾਈਨ/ਵਾਹੀ ਕਰਨ ਵਾਲੇ, ਫਾਰਮਾਂ ਦੀ ਪੈਦਾਵਾਰ ਨੂੰ ਲੈ ਜਾਣ ਵਾਲੀ ਮਸ਼ੀਨਰੀ, ਆਟਾ ਮਿੱਲਾਂ, ਦੁੱਧ ਦੇ ਪਲਾਂਟ, ਡੇਅਰੀਆਂ, ਖਾਦਾਂ ਦੀ ਵਿਕਰੀ, ਕੀਟਨਾਸ਼ਕਾਂ, ਰੇਲਵੇ ਸਮੇਤ ਸਰਕਾਰੀ ਏਜੰਸੀਆਂ ਵੱਲੋਂ ਖੁਰਾਕ ਖਰੀਦ ਨਾਲ ਸਬੰਧਤ ਕਾਰਜ, ਜਨਤਕ ਵੰਡ ਨਾਲ ਸਬੰਧਤ ਕਾਰਜ ਸਿਸਟਮ (ਪੀਡੀਐਸ), ਬੈਂਕ ਦੀਆਂ ਚੁਣੀਆਂ ਗਈਆਂ ਸ਼ਾਖਾਵਾਂ ਸਮੇਤ ਖਜਾਨਾ/ਕਰੰਸੀ ਆਦਿ ਘੱਟੋ ਘੱਟ ਸਟਾਫ਼ ਨਾਲ ਕੰਮ ਕਰਨਗੇ ਅਤੇ ਕੋਈ ਲੈਣ ਦੇਣ ਨਹੀਂ ਹੋਵੇਗਾ। ਇੰਜ ਹੀ ਵੈਟਰਨਰੀ ਸੇਵਾਵਾਂ ਅਤੇ ਸਪਲਾਈ, ਈ-ਕਾਮਰਸ ਪੋਰਟਲ ਜਿਵੇਂ ਕਿ ਐਮਾਜ਼ਾਨ, ਫਲਿੱਪਕਾਰਟ, ਸਵਿਗੀ, ਜ਼ੋਮੈਟੋ ਅਤੇ ਮਾਰਕਫੈੱਡ ਵੱਲੋਂ ਘਰ-ਘਰ ਡਲਿਵਰੀ, ਚਿੜੀਆਘਰ ਦੀ ਸੰਭਾਲ, ਨਰਸਰੀਆਂ ਅਤੇ ਪੌਦੇ ਲਗਾਉਣ, ਬਿਜਲੀ (ਉਤਪਾਦਨ ਅਤੇ ਸੰਚਾਰਨ, ਨਵਿਆਉਣਯੋਗ ਊਰਜਾ ਸਟੇਸ਼ਨਾਂ, ਸੌਰ ਊਰਜਾ, ਪਣ ਬਿਜਲੀ, ਬਾਇਓਮਾਸ/ਬਾਇਓ ਗੈਸ) ਵੀ ਹੁਕਮਾਂ ਵਿੱਚ ਸ਼ਾਮਲ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਤਾਜ਼ਾ ਭੋਜਨ, ਫਲ, ਸਬਜ਼ੀਆਂ, ਅੰਡੇ, ਮੀਟ, ਪੋਲਟਰੀ, ਖਾਣ-ਪੀਣ ਵਾਲੇ ਪਦਾਰਥ, ਵੇਕਰੀ, ਭੋਜਨ ਤਿਆਰੀ ਕਰਨ, ਆਮ ਭੰਡਾਰ, ਕਰਿਆਨੇ, ਪਨਸਾਰੀ, ਈ-ਕਮਰਸ ਡਿਜੀਟਲ ਸਪੁਰਦਗੀ, ਹੋਮ ਡਲਿਵਰੀ, ਐਲਪੀਜੀ, ਕੋਲਾ, ਲੱਕੜ ਅਤੇ ਹੋਰ ਬਾਲਣ ਸਮੇਤ ਸਾਰੇ ਭੋਜਨ ਅਤੇ ਪੀਣ ਵਾਲੇ ਪਦਾਰਥ ਸਿਰਫ਼ ਘਰੇਲੂ ਡਲਿਵਰੀ ਲਈ ਖੁੱਲ੍ਹੇ ਰਹਿਣੇ ਚਾਹੀਦੇ ਹਨ। ਸਬੰਧਤ ਵਿਅਕਤੀਆਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਸਪਲਾਈ ਲਈ ਜਾਰੀ ਕੀਤੇ ਗਏ ਪਾਸ ਪੂਰੇ ਪੰਜਾਬ ਵਿੱਚ ਚੱਲਣਗੇ ਅਤੇ ਦੂਜੇ ਸੂਬਿਆਂ ਅਤੇ ਜ਼ਿਲ੍ਹਿਆਂ ਵੱਲੋਂ ਜਾਰੀ ਕੀਤੇ ਗਏ ਪਾਸ ਮੁਹਾਲੀ ਜ਼ਿਲ੍ਹੇ ਵਿੱਚ ਯੋਗ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…