
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਗਤੀਵਿਧੀਆਂ ਵਿੱਚ ਹੋਰ ਢਿੱਲ ਦੇਣ ਦੇ ਹੁਕਮ
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ: ਡੀਸੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਗ੍ਰਹਿ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਵੱਲੋਂ ਸੀਆਰਪੀਸੀ ਦੀ ਧਾਰਾ 144 ਤਹਿਤ ਭਲਕੇ 15 ਅਕਤੂਬਰ ਤੋਂ ਬਾਅਦ ਮੁਹਾਲੀ ਜ਼ਿਲ੍ਹੇ ਅੰਦਰ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਵਧੇਰੇ ਗਤੀਵਿਧੀਆਂ ਦੀ ਆਗਿਆ ਦੇਣ ਸਬੰਧੀ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਤਾਜ਼ਾ ਹੁਕਮਾਂ ਅਨੁਸਾਰ ਕੁਝ ਸ਼ਰਤਾਂ ਜਿਵੇਂ ਆਨਲਾਈਨ/ਦੂਰਵਰਤੀ ਸਿੱਖਿਆ ਨੂੰ ਤਰਜੀਹ ਦੇਣ ਅਤੇ ਉਤਸ਼ਾਹਿਤ ਕਰਨ ਤਹਿਤ ਵੀਰਵਾਰ ਤੋਂ ਬਾਅਦ ਸਕੂਲ ਅਤੇ ਕੋਚਿੰਗ ਸੰਸਥਾਵਾਂ ਪੜਾਅਵਾਰ ਢੰਗ ਨਾਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਫਿਲਹਾਲ ਕੇਵਲ 9ਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਦੀ ਸਹਿਮਤੀ ਨਾਲ ਸਕੂਲ/ਸੰਸਥਾਵਾਂ ਵਿੱਚ ਜਾਣ ਦੀ ਆਗਿਆ ਦਿੱਤੀ ਗਈ ਹੈ। ਹਾਜ਼ਰੀ ਨੂੰ ਲਾਜ਼ਮੀ ਬਣਾਏ ਬਿਨਾਂ ਇਹ ਪੂਰੀ ਤਰ੍ਹਾਂ ਮਾਪਿਆਂ ਦੀ ਸਹਿਮਤੀ ’ਤੇ ਨਿਰਭਰ ਹੋਣਾ ਚਾਹੀਦਾ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਨੂੰ 15 ਅਕਤੂਬਰ ਤੋਂ ਬਾਅਦ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨਾਲ ਸਲਾਹ ਮਸ਼ਵਰੇ ਨਾਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਐਸਓਪੀਜ਼ ਦੀ ਲਾਜ਼ਮੀ ਤੌਰ ’ਤੇ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਪ੍ਰਯੋਗਸ਼ਾਲਾਵਾਂ/ਪ੍ਰਯੋਗਾਤਮਕ ਕਾਰਜਾਂ ਦੀ ਜ਼ਰੂਰਤ ਅਨੁਸਾਰ ਸਿਰਫ਼ ਖੋਜ ਵਿਦਵਾਨਾਂ (ਪੀਐਚਡੀ) ਅਤੇ ਸਾਇੰਸ ਅਤੇ ਟੈਕਨਾਲੋਜੀ ਸਟਰੀਮ ਦੇ ਪੋਸਟ-ਗਰੈਜੂਏਟ ਵਿਦਿਆਰਥੀਆਂ ਲਈ ਉੱਚ ਵਿਦਿਅਕ ਸੰਸਥਾਵਾਂ ਭਲਕੇ ਤੋਂ ਬਾਅਦ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਕੇਂਦਰ ਤੋਂ ਫੰਡ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ਸਬੰਧੀ ਸੰਸਥਾ ਦਾ ਮੁਖੀ ਪ੍ਰਯੋਗਸ਼ਾਲਾਵਾਂ/ਪ੍ਰਯੋਗਾਤਮਿਕ ਕਾਰਜਾਂ ਦੀ ਲੋੜ ਅਨੁਸਾਰ ਖੋਜ ਵਿਦਵਾਨਾਂ ਅਤੇ ਵਿਗਿਆਨ ਅਤੇ ਟੈਕਨਾਲੋਜੀ ਸਟਰੀਮ ਦੇ ਪੋਸਟ-ਗਰੈਜੂਏਟ ਵਿਦਿਆਰਥੀਆਂ ਦੀ ਲੋੜ ਮੁਤਾਬਕ ਫੈਸਲਾ ਲਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਖਿਡਾਰੀਆਂ ਲਈ ਵਰਤੇ ਜਾਂਦੇ ਤੈਰਾਕੀ ਪੂਲ ਨੂੰ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਅਤੇ ਖੇਡ ਮੰਤਰਾਲੇ (ਐਮਓਆਈਏ ਐਂਡ ਐਸ) ਵੱਲੋਂ ਜਾਰੀ ਕੀਤੇ ਜਾਣ ਵਾਲੇ ਐਸਓਪੀਜ਼ ਅਨੁਸਾਰ ਖੋਲ੍ਹਣ ਦੀ ਆਗਿਆ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਦੇ ਹੁਕਮਾਂ ਅਨੁਸਾਰ ਬਿਜ਼ਨਸ ਟੂ ਬਿਜ਼ਨਸ ਪ੍ਰਦਰਸ਼ਨੀਆਂ ਖੋਲ੍ਹਣ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਮਾਜਿਕ/ਅਕਾਦਮਿਕ/ਖੇਡਾਂ/ਮਨੋਰੰਜਨ/ਸਭਿਆਚਾਰਕ/ਧਾਰਮਿਕ/ਰਾਜਨੀਤਿਕ ਸਮਾਗਮ, ਜਿਨ੍ਹਾਂ ਵਿੱਚ ਵਿਆਹ ਤੇ ਸਸਕਾਰ ਅਤੇ ਹੋਰ ਸਮਾਗਮ ਸ਼ਾਮਲ ਹਨ, ਲਈ ਪਹਿਲਾਂ ਹੀ 100 ਵਿਅਕਤੀਆਂ ਦੀ ਸੀਮਾ ਨਾਲ ਆਗਿਆ ਦਿੱਤੀ ਗਈ ਹੈ।
ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਇਸ ਤਰਾਂ ਦੇ ਇਕੱਠਾਂ ਲਈ 100 ਵਿਅਕਤੀਆਂ ਦੀ ਨਿਰਧਾਰਿਤ ਸੀਮਾ ਤੋਂ ਵੱਧ ਇਕੱਠ ਕਰਨ ਦੀ ਆਗਿਆ ਕੁਝ ਸ਼ਰਤਾਂ ਅਧੀਨ ਹੋਵੇਗੀ ਜਿਵੇਂ ਕਿ ਬੰਦ ਥਾਵਾਂ ਵਿੱਚ 200 ਵਿਅਕਤੀਆਂ ਦੀ ਸੀਮਾ ਦੇ ਨਾਲ ਹਾਲ ਦੀ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਦੀ ਆਗਿਆ ਹੈ। ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਖੱੁਲ੍ਹੀਆਂ ਥਾਵਾਂ, ਜ਼ਮੀਨ/ਜਗ੍ਹਾ ਦੇ ਅਕਾਰ ਨੂੰ ਧਿਆਨ ਵਿੱਚ ਰੱਖਦਿਆਂ ਐਸਡੀਐਮ ਦੀ ਆਗਿਆ ਨਾਲ ਇਸ ਤਰ੍ਹਾਂ ਦੇ ਇਕੱਠਾਂ ਦੀ ਆਗਿਆ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਫ਼ਤ ਪ੍ਰਬੰਧਨ ਐਕਟ 2005 ਅਤੇ ਇੰਡੀਅਨ ਪੀਨਲ ਕੋਡ 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।