
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰੋਨਾ ਮਹਾਮਾਰੀ ਸਬੰਧੀ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ
ਸਮਾਜਿਕ ਇਕੱਠਾਂ ’ਚ ਇਨਡੋਰ ਈਵੈਂਟ ਲਈ 100 ਤੇ ਆਊਟਡੋਰ ਇਕੱਠਾਂ ’ਚ 250 ਵਿਅਕਤੀ ਹੋ ਸਕਣਗੇ ਸ਼ਾਮਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਮੁਹਾਲੀ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਤ ਦੇ ਕਰਫਿਊ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ) ਦੀਆਂ ਮੌਜੂਦਾ ਪਾਬੰਦੀਆਂ ਅਤੇ ਹੋਟਲ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ/ਰਿਜੋਰਟਾਂ ਆਦਿ 31 ਦਸੰਬਰ ਤੱਕ ਦੇਰ ਸ਼ਾਮ 9.30 ਵਜੇ ਬੰਦ ਹੋਣ ਦੇ ਸਮੇਂ ਦੇ ਨਾਲ-ਨਾਲ ਸੀਆਰਪੀਸੀ ਦੀ ਧਾਰਾ 144 ਅਧੀਨ ਕੁਝ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਨਵੀਆਂ ਲਗਾਈਆਂ ਗਈਆਂ ਪਾਬੰਦੀਆਂ ਤਹਿਤ ਸਮਾਜਿਕ ਇਕੱਠਾਂ ਸਬੰਧੀ ਹੁਕਮਾਂ ਵਿੱਚ ਇੰਨਡੋਰ ਸਮਾਗਮ ਲਈ ਵੱਧ ਤੋਂ ਵੱਧ 100 ਵਿਅਕਤੀਆਂ ਅਤੇ ਆਊਟਡੋਰ ਸਮਾਗਮ ਲਈ 250 ਵਿਅਕਤੀਆਂ ਤੱਕ ਸੀਮਤ ਰੱਖੀ ਗਈ ਹੈ। ਇਹ ਹੁਕਮ 31 ਦਸੰਬਰ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ’ਤੇ ਆਫ਼ਤਨ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਅਧੀਨ ਸਜ਼ਾ ਯੋਗ ਅਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਸਬੰਧਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਇਸ ਸਬੰਧੀ ਕਿਸੇ ਵੀ ਪ੍ਰਕਾਰ ਦੀ ਉਲੰਘਣਾ ਕਰਨ ’ਤੇ ਆਫ਼ਤਨ ਪ੍ਰਬੰਧਨ ਐਕਟ 2005 ਅਤੇ ਭਾਰਤੀ ਦੰਡਾਵਲੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।