
ਜ਼ਿਲ੍ਹਾ ਪੁਲੀਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਨੇ ਨਸ਼ੇ ਦੀ ਪੂਰਤੀ ਲਈ ਪੈਸਿਆਂ ਦਾ ਜੁਗਾੜ ਕਰਨ ਲਈ ਕੀਤਾ ਸੀ ਕਬਾੜੀਏ ਦਾ ਕਤਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਜ਼ਿਲ੍ਹਾ ਪੁਲੀਸ ਨੇ ਕਬਾੜੀਏ ਦੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੋਨੂੰ ਕੁਮਾਰ ਵਾਸੀ ਪਿੰਡ ਭੇਰੀਹਾਰੀ (ਬਿਹਾਰ) ਹਾਲ ਵਾਸੀ ਪਿੰਡ ਸਹੌੜਾ ਨੇ ਪੁਲੀਸ ਨੂੰ ਦਿੱਤੀ ਸੂਚਨਾ ਵਿੱਚ ਦੱਸਿਆ ਕਿ ਪਿੰਡ ਮਾਜਰਾ ਸਿਸਵਾ-ਕੁਰਾਲੀ ਸੜਕ ’ਤੇ ਉਸ ਦਾ ਚਾਚਾ ਜੈ ਪ੍ਰਕਾਸ਼ ਪ੍ਰਸ਼ਾਦ ਕਬਾੜੀਏ ਦੀ ਦੁਕਾਨ ਕਰਦਾ ਸੀ। ਬੀਤੀ 8 ਅਕਤੂਬਰ ਨੂੰ ਉਸ ਨੂੰ ਨਗਿੰਦਰ ਗੁਪਤਾ ਨੇ ਫੋਨ ਕਰਕੇ ਦੱਸਿਆ ਸੀ ਕਿ ਉਸ ਦੇ ਚਾਚਾ ਜੈ ਪ੍ਰਕਾਸ਼ ਪ੍ਰਸ਼ਾਦ ਦੀ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ ਅਤੇ ਉਹ ਦੁਕਾਨ ਵਿੱਚ ਖੂਨ ਨਾਲ ਲੱਥ-ਪੱਥ ਪਿਆ ਹੈ।
ਐਸਐਸਪੀ ਨੇ ਦੱਸਿਆ ਕਿ ਜ਼ਖ਼ਮੀ ਜੈ ਪ੍ਰਕਾਸ਼ ਪ੍ਰਸ਼ਾਦ ਨੂੰ ਪ੍ਰਦੂਮਣ ਨਾਮ ਦੇ ਵਿਅਕਤੀ ਨੇ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਜੈ ਪ੍ਰਕਾਸ਼ ਪ੍ਰਸ਼ਾਦ ਦੇ ਭਤੀਜੇ ਮੋਨੂੰ ਦੇ ਬਿਆਨਾਂ ਨੂੰ ਆਧਾਰ ਬਣਾ ਕੇ 9 ਅਕਤੂਬਰ ਮੁੱਲਾਂਪੁਰ ਗਰੀਬਦਾਸ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਅਤੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਡੀਐਸਪੀ (ਡੀ) ਗੁਰਚਰਨ ਸਿੰਘ ਅਤੇ ਮੁੱਲਾਂਪੁਰ ਗਰੀਬਦਾਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਟੀਮ ਗਠਨ ਕੀਤੀ ਗਈ। ਜਿਸ ਵਿੱਚ ਮੁੱਲਾਂਪੁਰ ਗਰੀਬਦਾਸ ਥਾਣਾ ਦੇ ਐਸਐਚਓ ਇੰਸਪੈਕਟਰ ਸਤਿੰਦਰ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ ਉਕਤ ਟੀਮ ਨੇ ਇਸ ਅੰਨੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਮੰਗਤ ਸਿੰਘ ਉਰਫ਼ ਮੰਗਾ ਵਾਸੀ ਪਿੰਡ ਕਰਤਾਰਪੁਰ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆਂ ਕਿ ਮ੍ਰਿਤਕ ਜੈ ਪ੍ਰਕਾਸ਼ ਪ੍ਰਸ਼ਾਦ ਕਬਾੜੀਏ ਦਾ ਮੋਬਾਈਲ ਅਤੇ ਦੁਕਾਨ ਵਿੱਚ ਪਿਆ ਸਮਾਨ ਦੇਖ ਕੇ ਉਸ ਦੇ ਮਨ ਵਿੱਚ ਲਾਲਚ ਆ ਗਿਆ ਕਿ ਉਹ ਕਬਾੜੀਏ ਦਾ ਸਮਾਨ ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰ ਲਵੇਗਾ। ਇਸ ਤਰ੍ਹਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਮੰਗਤ ਸਿੰਘ ਨਸ਼ੇੜੀ ਕਿਸਮ ਦਾ ਵਿਅਕਤੀ ਹੈ। ਉਸ ਕੋਲੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।