nabaz-e-punjab.com

ਸੋਲਰ ਪਾਵਰ ਪਲਾਂਟਾਂ ਰਾਹੀਂ ਵਾਤਾਵਰਨ ਸੰਭਾਲ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਜ਼ਿਲ੍ਹਾ ਮੁਹਾਲੀ

ਪੇਡਾ ਰਾਹੀਂ ਹੁਣ ਤੱਕ ਲਗਾਏ ਜਾ ਚੁੱਕੇ ਹਨ 14135 ਕਿੱਲੋਵਾਟ ਸਮਰੱਥਾ ਦੇ ਸੋਲਰ ਪਾਵਰ ਪਲਾਂਟ
ਪੇਡਾ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਸੋਲਰ ਪਾਵਰ ਪਲਾਂਟ ਲਗਾਉਣ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਪੰਜਾਬ ਸਰਕਾਰ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਦੇਣ ਦੇ ਉਦੇਸ਼ ਨਾਲ ਅਤੇ ਗੈਰ ਰਵਾਇਤੀ (ਸੋਲਰ ਐਨਰਜੀ) ਊਰਜਾ ਸਰੋਤਾਂ ਨੂੰ ਬੜਾਵਾ ਦੇਣ ਲਈ ਅਤੇ ਰਵਾਇਤੀ ਊਰਜਾ ਦੇ ਸਰੋਤਾਂ ਜਿਵੇਂ ਕਿ ਤੇਲ, ਕੋਇਲਾ, ਲੱਕੜ ਆਦਿ ਦੀ ਬੱਚਤ ਕਰਨ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਐਮ.ਐਨ.ਆਰ.ਈ. ਭਾਰਤ ਸਰਕਾਰ ਦੀ ਨੈੱਟ ਮੀਟਰਿੰਗ ਸਕੀਮ ਅਧੀਨ ਗਰਿਡ ਕਨੈਕਟਿਡ ਰੂਫ ਟਾਪ ਸੋਲਰ ਪਾਵਰ ਪਲਾਂਟ ਲਗਵਾਏ ਜਾ ਰਹੇ ਹਨ। ਹੁਣ ਤੱਕ ਜ਼ਿਲ੍ਹਾ ਐਸ.ਏ.ਐਸ. ਨਗਰ ਮੁਹਾਲੀ ਵਿੱਚ ਕੁੱਲ 14,135 ਕਿਲੋਵਾਟ ਸਮਰੱਥਾ ਦੇ ਸੋਲਰ ਪਾਵਰ ਪਲਾਂਟ ਲਗਵਾਏ ਜਾ ਚੁੱਕੇ ਹਨ। ਇਸ ਨਾਲ ਰੋਜ਼ਾਨਾ ਅੌਸਤਨ 56,544 ਯੂਨਿਟਸ ਬਿਜਲੀ ਤਿਆਰ ਹੋ ਰਹੀ ਹੈ। ਜਿਸ ਦੀ ਕੁੱਲ ਲਾਗਤ 4,24,080 ਰੁਪਏ ਬਣਦੀ ਹੈ। ਸੋਲਰ ਪਾਵਰ ਲਗਵਾਉਣ ਵਾਲੇ ਲਾਭਪਾਤਰੀ ਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਹ ਸਬਸਿਡੀ ਕੇਵਲ ਘਰੇਲੂ ਅਤੇ ਨਾਨ-ਪ੍ਰਾਫਿਟ ਸੰਸਥਾਵਾਂ ਵੱਲੋਂ ਲਗਾਏ ਗਏ 1 ਕਿੱਲੋਵਾਟ ਤੋਂ 500 ਕਿਲੋਵਾਟ ਤੱਕ ਸਮਰੱਥਾ ਦੇ ਸੋਲਰ ਪਾਵਰ ਪਲਾਂਟਾਂ ’ਤੇ ਦਿੱਤੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਡਾ ਦੇ ਸੀਨੀਅਰ ਜ਼ਿਲ੍ਹਾ ਮੈਨੇਜਰ ਸ੍ਰੀ ਸੁਰੇਸ਼ ਗੋਇਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਕੋਈ ਵੀ ਲਾਭਪਾਤਰੀ ਆਪਣੀ ਛੱਤ ਤੇ ਆਪਣੇ ਬਿਜਲੀ ਦੇ ਬਿਲ ਵਿੱਚ ਦਰਸਾਏ ਗਏ ਸੈਂਕਸ਼ਨਲ ਲੋਡ ਦਾ 80 ਪ੍ਰਤੀਸ਼ਤ ਸਮਰੱਥਾ ਦੇ ਬਰਾਬਰ ਸੋਲਰ ਪਾਵਰ ਪਲਾਂਟ ਲਗਵਾ ਸਕਦਾ ਹੈ। ਇਸ ਸਕੀਮ ਅਧੀਨ ਕੋਈ ਵੀ ਲਾਭਪਾਤਰੀ 1 ਕਿਲੋਵਾਟ ਤੋਂ ਲੈ ਕੇ 10 ਮੈਗਾਵਾਟ ਤੱਕ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 1 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਦੇ ਸੋਲਰ ਪਲਾਂਟ ਤੇ 17325 ਰੁਪਏ ਪ੍ਰਤੀ ਕਿਲੋਵਾਟ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 10 ਤੋਂ ਜ਼ਿਆਦਾ ਅਤੇ 20 ਕਿਲੋਵਾਟ ਤੱਕ (16800 ਰੁਪਏ ਪ੍ਰਤੀ ਕਿਲੋਵਾਟ),20 ਤੋਂ ਜ਼ਿਆਦਾ ਅਤੇ 50 ਕਿਲੋਵਾਟ ਤੱਕ (16005 ਰੁਪਏ ਪ੍ਰਤੀ ਕਿਲੋਵਾਟ),50 ਤੋਂ ਜ਼ਿਆਦਾ ਅਤੇ 100 ਕਿਲੋਵਾਟ ਤੱਕ(14394.90 ਰੁਪਏ ਪ੍ਰਤੀ ਕਿਲੋਵਾਟ),100 ਤੋਂ ਜ਼ਿਆਦਾ ਅਤੇ 500 ਕਿਲੋਵਾਟ ਤੱਕ 13797.30 ਰੁਪਏ ਪ੍ਰਤੀ ਕਿਲੋਵਾਟ ਸਬਸਿਡੀ ਦਿੱਤੀ ਜਾਂਦੀ ਹੈ। ਸ੍ਰੀ ਗੋਇਲ ਨੇ ਦੱਸਿਆ 1 ਕਿਲੋਵਾਟ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਵਾਉਣ ਲਈ 120 ਸਕੇਅਰ ਫੁੱਟ ਛਾਂ ਰਹਿਤ ਜਗ੍ਹਾ ਦੀ ਲੋੜ ਪੈਂਦੀ ਹੈ। ਇਸ ਪਲਾਂਟ ਨੂੰ ਲਗਵਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਲਾਭਪਾਤਰੀ ਆਪਣੀ ਪੈਦਾ ਕੀਤੀ ਵਾਧੂ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਗਰਿੱਡ ਵਿੱਚ ਜਮ੍ਹਾਂ ਕਰ ਸਕਦਾ ਹੈ। ਪਾਵਰ ਕਾਰਪੋਰੇਸ਼ਨ ਵੱਲੋਂ ਗਰਿੱਡ ਤੋਂ ਆਉਣ ਅਤੇ ਜਾਣ ਵਾਲੀ ਬਿਜਲੀ ਦਾ ਹਿਸਾਬ ਰੱਖਣ ਲਈ ਬਾਈ ਡਾਇਰੈਕਸ਼ਨਲ ਮੀਟਰ ਲਗਾਇਆ ਜਾਂਦਾ ਹੈ। ਸੋਲਰ ਪਾਵਰ ਪਲਾਂਟ ਦੀ ਸਾਂਭ-ਸੰਭਾਲ ਦਾ ਖਰਚਾ ਨਾ ਦੇ ਬਰਾਬਰ ਹੈ ਅਤੇ ਖਰਚ ਕੀਤਾ ਪੈਸਾ 4-5 ਸਾਲ ਵਿੱਚ ਪੂਰਾ ਹੋ ਜਾਂਦਾ ਹੈ। ਪਲਾਂਟ ਲਗਵਾਉਣ ਤੇ ਆਉਣ ਵਾਲਾ ਖਰਚਾ ਲਗਭਗ 50,000 ਰੁਪਏ ਤੋਂ 62,000 ਰੁਪਏ ਪ੍ਰਤੀ ਕਿਲੋਵਾਟ ਪਲਾਂਟ ਦੀ ਸਮਰੱਥਾ ਅਨੁਸਾਰ ਹੁੰਦਾ ਹੈ।
ਜ਼ਿਲ੍ਹੇ ਵਿੱਚ 50 ਕਿਲੋਵਾਟ ਜਾਂ ਇਸ ਤੋਂ ਵੱਧ ਸਮਰੱਥਾ ਦੇ ਕਈ ਸੋਲਰ ਪਾਵਰ ਪਲਾਂਟ ਲਾਏ ਗਏ ਹਨ, ਜਿਨ੍ਹਾਂ ਵਿੱਚ ਪੀ.ਸੀ.ਏ. ਸਟੇਡੀਅਮ ਮੁਹਾਲੀ-120 ਕਿਲੋਵਾਟ, ਪੰਜਾਬ ਮੰਡੀ ਬੋਰਡ-100 ਕਿਲੋਵਾਟ, ਸੇਬੀਜ਼ ਇਨਫੋਟੈੱਕ-100 ਕਿਲੋਵਾਟ, ਟਰੱਸਟ ਰਤਵਾੜਾ ਸਾਹਿਬ-150 ਕਿੱਲੋਵਾਟ, ਕ੍ਰਿਸ਼ਨਾ ਆਟੋ ਇਸੂਜ਼ੋ ਸ਼ੋਰੂਮ-120 ਕਿਲੋਵਾਟ, ਤਾਇਨੂਰ ਅੌਰਥੋ-200 ਕਿਲੋਵਾਟ, ਗਿਆਨ ਜੋਤੀ ਇੰਸਟੀਚਿਊਟ-200 ਕਿਲੋਵਾਟ, ਏਅਰਪੋਰਟ ਮੋਹਾਲੀ- 3 ਮੈਗਾਵਾਟ, ਟੀ.ਸੀ. ਸਪਿਨਟ ਪ੍ਰਾਈਵੇਟ ਲਿਮਿਟਡ ਲਾਲੜੂ-4 ਮੈਗਾਵਾਟ, ਭੰਡਾਰੀ ਐਕਸਪਰਟ ਇੰਡਸਟਰੀ ਲਾਲੜੂ-2 ਮੈਗਾਵਾਟ, ਨਿਊ ਫਰੂਟ ਮਾਰਕੀਟ 11 ਫੇਜ਼- 2.048 ਮੈਗਾਵਾਟ, ਬੌਸ ਕੰਪਿਊਟਰ ਜੀਰਕਪੁਰ-1.25 ਮੈਗਾਵਾਟ, ਸੋਸ਼ਲ ਵੈਲਫੇਅਰ ਸੁਸਾਇਟੀ ਕੁਰਾਲੀ-75 ਕਿਲੋਵਾਟ, ਐਸ.ਟੀ. ਸੋਲਜ਼ਰਸ ਸਕੂਲ-50 ਕਿਲੋਵਾਟ, ਖੰਡੂਜਾ ਕੋਲਡ ਸਟੋਰ-60 ਕਿਲੋਵਾਟ ਆਦਿ ਸ਼ਾਮਿਲ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੇਡਾ ਦੀ ਵੈਬਸਾਈਡ WWW.Solarpunjab.com ਅਤੇ ਪੇਡਾ ਦੇ ਜ਼ਿਲ੍ਹਾ ਮੈਨੇਜਰ ਮੋਬਾਈਲ 94174-94900 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …