nabaz-e-punjab.com

ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਮੁਹਾਲੀ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ: ਸ੍ਰੀਮਤੀ ਸਪਰਾ

ਮੁਹਾਲੀ ਦੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਨਸ਼ਾ ਮੁਕਤੀ ਲਈ ਪਿੰਡ ਘੰੜੂਆਂ ਨੂੰ ਅਪਣਾਇਆ

ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਪਿੰਡ ਸਨੇਟਾ ਤੇ ਐਸਡੀਐਮ ਨੇ ਪਿੰਡ ਜਗਤਪੁਰ ਨੂੰ ਲਿਆ ਗੋਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਠੋਸ ਕਦਮ ਚੁੱਕਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਦੇ ਅਧਿਕਾਰੀ ਵੀ ਪੱਬਾ ਭਾਰ ਹੋ ਗਏ ਹਨ। ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਇਤਿਹਾਸਕ ਨਗਰ ਘੜੂੰਆਂ ਨੂੰ ਨਸ਼ਾ ਮੁਕਤ ਬਣਾਉਣ ਲਈ ਰਸਮੀ ਤੌਰ ’ਤੇ ਅਪਣਾ ਲਿਆ ਹੈ। ਸ੍ਰੀਮਤੀ ਸਪਰਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਘੜੂੰਆਂ ਨੂੰ ਨਸ਼ਾ ਮੁਕਤ ਕਰਕੇ ਪਿੰਡ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ ਵੱਲੋਂ ਨਸ਼ਾ ਮੁਕਤੀ ਲਈ ਪਿੰਡ ਸਨੇਟਾ ਨੂੰ ਗੋਦ ਲਿਆ ਗਿਆ ਹੈ ਜਦੋਂਕਿ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਅਤੇ ਡੀਐਸਪੀ ਵੱਲੋਂ ਪਿੰਡ ਜਗਤਪੁਰਾ, ਤਹਿਸੀਲਦਾਰ ਅਤੇ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਵੱਲੋਂ ਪਿੰਡ ਬੜੀ, ਨਾਇਬ ਤਹਿਸੀਲਦਾਰ ਨੇ ਪਿੰਡ ਪਾਪੜੀ ਨੂੰ ਅਪਣਾਇਆ ਹੈ। ਉਧਰ, ਬਨੂੜ ਦੇ ਨਾਇਬ ਤਹਿਸੀਲਦਾਰ ਅਤੇ ਐਸਐਚਓ ਨੇ ਧਰਮਗੜ੍ਹ ਨੂੰ ਅਪਣਾਇਆ ਹੈ। ਇਸ ਤਰ੍ਹਾਂ ਸਬ ਡਿਵੀਜ਼ਨ ਡੇਰਾਬਸੀ ਵਿੱਚ ਐਸਡੀਐਮ ਵੱਲੋਂ ਪਿੰਡ ਜਨੇਤਪੁਰ, ਏਐਸਪੀ ਵੱਲੋਂ ਪਿੰਡ ਧਨੋਨੀ, ਤਹਿਸੀਲਦਾਰ ਵੱਲੋਂ ਪਿੰਡ ਕਾਰਕੋਰ, ਨਾਇਬ ਤਹਿਸੀਲਦਾਰ ਵੱਲੋਂ ਬਰੋਲੀ, ਜ਼ੀਰਕਪੁਰ ਦੇ ਨਾਇਬ ਤਹਿਸੀਲਦਾਰ ਵੱਲੋਂ ਨੇੜਲੇ ਪਿੰਡ ਦਿਆਲਪੁਰਾ, ਬੀਡੀਪੀਓ ਰਾਣਾ ਪ੍ਰਤਾਪ ਸਿੰਘ ਵੱਲੋਂ ਪਿੰਡ ਬਾਕਰਪੁਰ, ਡੇਰਾਬਸੀ ਦੇ ਐਸ.ਐਚ.ਓ ਵੱਲੋਂ ਪੰਡਵਾਲਾ, ਜ਼ੀਰਕਪੁਰ ਦੇ ਐਸ.ਐਚ.ਓ ਵੱਲੋਂ ਸਿੰਘਪਰ, ਲਾਲੜੂ ਦੇ ਐਸ.ਐਚ.ਓ ਵੱਲੋਂ ਪਿੰਡ ਮੀਰਪੁਰ ਅਤੇ ਹੰਡੇਸਰਾ ਦੇ ਐਸ.ਐਚ.ਓ ਵੱਲੋਂ ਪਿੰਡ ਸੀਂਹਪੁਰ ਨੂੰ ਅਪਣਾਇਆ ਗਿਆ ਹੈ।
ਇੰਝ ਹੀ ਖਰੜ ਸਬ ਡਿਵੀਜ਼ਨ ਵਿੱਚ ਐਸਡੀਐਮ ਅਤੇ ਡੀਐਸਪੀ ਦੀਪ ਕੰਵਲ ਵੱਲੋਂ ਨਵਾਂ ਸ਼ਹਿਰ, ਖਰੜ ਦੇ ਤਹਿਸੀਲਦਾਰ ਅਤੇ ਕੁਰਾਲੀ ਦੇ ਐਸ.ਐਚ.ਓ ਵੱਲੋਂ ਪਡਿਆਲਾ, ਖਰੜ ਦੇ ਨਾਇਬ ਤਹਿਸੀਲਦਾਰ ਅਤੇ ਖਰੜ ਸਿਟੀ ਥਾਣਾ ਦੇ ਐਸਐਚਓ ਵੱਲੋਂ ਪਿੰਡ ਖਾਨਪੁਰ, ਮਾਜਰੀ ਦੇ ਨਾਇਬ ਤਹਿਸੀਲਦਾਰ ਅਤੇ ਮੁੱਲਾਂਪੁਰ ਗਰੀਬਦਾਸ ਦੇ ਐਸ.ਐਚ.ਓ ਵੱਲੋਂ ਪਿੰਡ ਫਿਰੋਜ਼ਪੁਰ ਨੂੰ ਨਸ਼ਾ ਮੁਕਤ ਬਣਾਉਣ ਲਈ ਅਪਣਾਇਆ ਗਿਆ ਹੈ।

Load More Related Articles
Load More By Nabaz-e-Punjab
Load More In Drugs Case and Issues

Check Also

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ ਵਿਸ਼ਵ ਤੰਬਾਕੂ ਦਿਵਸ ’ਤੇ ਖ਼ਾਲਸਾ…