ਜ਼ਿਲ੍ਹਾ ਯੋਜਨਾ ਕਮੇਟੀ ਦੀ ਮੁਖੀ ਵੱਲੋਂ ਅੌਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ
ਵਡੇਰੀ ਉਮਰ ਦੀਆਂ ਦੋ ਅੌਰਤਾਂ ਦਾ ਪ੍ਰਫੈਕਟ ਡਰੈੱਸ ਬਿਊਟੀ ਕੁਇਨ ਐਵਾਰਡ ਨਾਲ ਸਨਮਾਨ
ਸੈਕਟਰ-70 ਦੇ ਸੁਪਰ ਫਲੈਟਾਂ ਵਿਚਲੀ ਪਾਰਕ ਵਿੱਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਨਬਜ਼-ਏ-ਪੰਜਾਬ, ਮੁਹਾਲੀ, 10 ਮਾਰਚ:
ਇੱਥੋਂ ਦੇ ਸੈਕਟਰ-70 ਸਥਿਤ ਐਮਆਈਜੀ ਸੁਪਰ ਦੀਆਂ ਬੀਬੀਆਂ ਨੇ ਸਾਂਝੇ ਤੌਰ ’ਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਪੈਸ਼ਲ ਪਾਰਕ ਨੰਬਰ-32 ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਅੌਰਤਾਂ ਨੇ ਗੀਤ, ਕਵਿਤਾਵਾਂ, ਡਾਂਸ ਅਤੇ ਕੋਰੀਓਗਰਾਫੀ ਦੀਆਂ ਆਈਟਮਾਂ ਪੇਸ਼ ਕੀਤੀਆਂ। ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਅੌਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੌਰਤ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਅਣਥੱਕ ਮਿਹਨਤ ਕਰਦੀ ਹੈ ਪਰ ਕੰਮਕਾਜੀ ਅੌਰਤ ਦੇ ਮੁਕਾਬਲੇ ਘਰੇਲੂ ਅੌਰਤ ਦੇ ਕੰਮ ਨੂੰ ਬਹੁਤੀ ਮਾਨਤਾ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅੌਰਤ ਮਾਂ, ਪਤਨੀ ਤੇ ਭੈਣ ਦੀ ਹੈਸੀਅਤ ਵਿੱਚ ਪਰਿਵਾਰ ਨੂੰ ਪਾਲਣ ਤੇ ਪੁਰਸ਼ਾਂ ਦੇ ਬਰਾਬਰ ਕੰਮ ਕਰਦੀ ਹੈ ਪ੍ਰੰਤੂ ਉਸਦੇ ਕੀਤੇ ਕੰਮਾਂ ਦੀ ਨਾ ਤਾਂ ਪ੍ਰਸੰਸਾ ਹੁੰਦੀ ਹੈ ਅਤੇ ਨਾ ਹੀ ਪੇਮੈਂਟ। ਉਨ੍ਹਾਂ ਕਿਹਾ ਕਿ ਆਪ ਸਰਕਾਰ ਅੌਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਲਗਾ ਕੇ ਉਨ੍ਹਾਂ ਦੀ ਯੋਗਤਾ ਦਾ ਫਾਇਦਾ ਲੈ ਰਹੀ ਹੈ, ਜਿਸ ਨਾਲ ਸਮਾਜ ਨੂੰ ਵੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਅੌਰਤਾਂ ਦਾ ਸਨਮਾਨ ਵੀ ਕੀਤਾ।
ਇਸ ਤੋਂ ਪਹਿਲਾਂ ‘ਆਪ’ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਅੌਰਤ ਨਾਮਣਾ ਖੱਟ ਰਹੀ ਹੈ ਪਰ ਉਸ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਅਤੇ ਨਾ ਹੀ ਯੋਗਤਾ ਅਨੁਸਾਰ ਸਰਕਾਰੀ ਤੇ ਸਿਆਸੀ ਖੇਤਰ ਵਿੱਚ ਪ੍ਰਤੀਨਿਧਤਾ ਮਿਲਦੀ ਹੈ। ਲੈਕਚਰਾਰ ਵਰਿੰਦਰਪਾਲ ਕੌਰ ਨੇ ਕੌਮਾਂਤਰੀ ਅੌਰਤ ਦਿਹਾੜੇ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ 1909 ਵਿੱਚ 20 ਹਜ਼ਾਰ ਅੌਰਤਾਂ ਨੇ ਆਪਣੇ ਹੱਕਾਂ ਬਾਰੇ ਅਮਰੀਕਾ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ, ਮਗਰੋਂ ਜਰਮਨ ਦੀ ਆਗੂ ਕਲਾਕਾਰਾ ਜੈਕਟਨ ਨੇ ਅੌਰਤਾਂ ਦਾ ਕੌਮਾਂਤਰੀ ਪੱਧਰ ’ਤੇ ਦਿਨ ਮਨਾਉਣਾ ਸ਼ੁਰੂ ਕੀਤਾ।
ਇਸ ਮੌਕੇ ਸ਼ੋਭਾ ਗੌਰੀਆ ਨੇ ਗੀਤ, ਗੁਰਪ੍ਰੀਤ ਭੁੱਲਰ ਤੇ ਨਰਿੰਦਰ ਕੌਰ ਨੇ ਕਵਿਤਾ, ਨੀਲਮ ਚੋਪੜਾ ਨੇ ਕੋਰੀਓਗਰਾਫੀ, ਸਿੰਮੀ ਤੇ ਹਰਨੂਰ ਨੇ ਡਾਂਸ, ਵੰਸ਼ਿਕਾ ਤੇ ਪੂਨਮ ਮਾਂ-ਧੀ ਦਾ ਡਾਂਸ ਤੇ ਵੰਸ਼ਿਕਾ ਤੇ ਕੀਰਤੀ ਨੇ ਡਾਂਸ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਅੌਰਤਾਂ ਨੇ ਤੰਬੋਲਾ ਖੇਡ ਕੇ ਖੂਬ ਆਨੰਦ ਮਾਣਿਆ। ਇਸ ਮੌਕੇ 60 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਉਮਰ ਦੀਆਂ ਦੋ ਅੌਰਤਾਂ ਨੂੰ ਪ੍ਰਫੈਕਟ ਡਰੈੱਸ ਬਿਊਟੀ ਕੁਇਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੰਜ ਹੀ ਸਭ ਤੋਂ ਸੀਨੀਅਰ ਤੇ ਨਰਸਿੰਗ ਬ੍ਰਿਗੇਡੀਅਰ ਦੀ ਪੋਸਟ ਤੋਂ ਸੇਵਾਮੁਕਤ ਮਿਸ ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਸਿਮਰਨ ਮਾਟਾ ਨੇ ਬੋਲੀਆਂ ਪਾ ਕੇ ਗਿੱਧੇ ਨੂੰ ਚਾਰ ਚੰਨ ਲਾਏ।
ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਟੇਟ ਐਵਾਰਡੀ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਭੁੱਲਰ ਨੇ ਬਾ-ਕਮਾਲ ਨਿਭਾਈ। ਪ੍ਰੋਗਰਾਮ ਵਿੱਚ ਐਮਆਈਜੀ ਸੁਪਰ ਐਸੋਸੀਏਸ਼ਨ ਦੇ ਪ੍ਰਧਾਨ ਆਰਪੀ ਕੰਬੋਜ, ਜਨਰਲ ਸਕੱਤਰ ਆਰਕੇ ਗੁਪਤਾ, ਰਜਿੰਦਰ ਧੁਰੀਆ ਅਤੇ ਬਲਵਿੰਦਰ ਬੱਲੀ ਸਮੇਤ ਨਵਜੋਤ ਕੌਰ, ਨੀਲਮ ਧੁਰੀਆ ਤੇ ਸੋਭਾ ਠਾਕੁਰ, ਕਿਰਨ ਟੰਡਨ, ਨਿਰੂਪਮਾ ਗੁਪਤਾ, ਵੀਨਾ ਕੰਬੋਜ, ਨੀਲਮ ਕੱਕੜ, ਕਮਲਜੀਤ ਓਬਰਾਏ, ਪਰਮਜੀਤ ਕੌਰ, ਰੇਨੂ, ਸੁਖਵਿੰਦਰ ਭੁੱਲਰ, ਕੁਲਦੀਪ ਕੌਰ, ਕਮਲਜੀਤ ਮੰਡੇਰ, ਸੁਰਿੰਦਰ ਕੌਰ, ਸ੍ਰੀਮਤੀ ਘੁੰਮਣ ਅਤੇ ਪੁਸ਼ਪਾ ਵੀ ਹਾਜ਼ਰ ਸਨ।