
ਜ਼ਿਲ੍ਹਾ ਪੁਲੀਸ ਵੱਲੋਂ ਡੇਰਾਬੱਸੀ 1 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ 7 ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 98.9 ਲੱਖ ਦੀ ਨਗਦੀ, 1 ਪਿਸਤੌਲ, 3 ਜ਼ਿੰਦਾ ਕਾਰਤੂਸ ਤੇ ਦੋ ਕਾਰਾਂ ਬਰਾਮਦ
ਕਵਿਤਾ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 23 ਜੂਨ
ਜ਼ਿਲ੍ਹਾ ਪੁਲੀਸ ਨੇ ਡੇਰਾਬੱਸੀ ਵਿੱਚ ਬੀਤੀ 10 ਜੂਨ ਨੂੰ ਇੱਕ ਪ੍ਰਾਪਰਟੀ ਡੀਲਰ ਕੋਲੋਂ ਪਿਸਤੌਲ ਦੀ ਨੋਕ ’ਤੇ ਇੱਕ ਕਰੋੜ ਰੁਪਏ ਦੀ ਨਗਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਰੋਹ ਨੂੰ ਕਾਬੂ ਕਰਕੇ ਮਾਮਲਾ ਸੁਲਝਾਊਣ ਦਾ ਦਾਅਵਾ ਕੀਤਾ ਗਿਆ ਹੈ। ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਮਾਮਲੇ ਦੇ ਮਾਸਟਰਮਾਈਂਡ ਸਮੇਤ 7 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਲੁੱਟ ਦੀ 1 ਕਰੋੜ ਦੀ ਰਕਮ ’ਚੋਂ 98 ਲੱਖ 9 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਕੋਲੋਂ 1 ਪਿਸਤੌਲ, 3 ਜ਼ਿੰਦਾ ਕਾਰਤੂਸ, ਇਕ ਹਾਂਡਾ ਸਿਟੀ ਕਾਰ ਅਤੇ ਇੱਕ ਕਰੋਲਾ ਕਾਰ ਬਰਾਮਦ ਕੀਤੀ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਇਸ ਗਰੋਹ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ 1 ਦਿਨ ਪਹਿਲਾਂ ਦਫ਼ਤਰ ਵਿੱਚ ਰੈਕੀ ਵੀ ਕੀਤੀ ਸੀ। ਇਸ ਮਾਮਲੇ ਵਿੱਚ ਰਣਜੋਧ ਸਿੰਘ ਵਾਸੀ, ਫਿਰੋਜ਼ਪੁਰ ਨੂੰ ਉਸੇ ਦਿਨ ਗ੍ਰਿਫ਼ਤਾਰ ਕਰਕੇ ਉਸ ਕੋਲੋ 28 ਲੱਖ ਰੁਪਏ ਬਰਾਮਦ ਕੀਤੇ ਸਨ। ਇਸ ਤੋਂ ਬਾਅਦ ਪੁਲੀਸ ਨੇ ਮਨਿੰਦਰ ਸਿੰਘ ਵਾਸੀ ਪਿੰਡ ਬਡਾਲਾ ਨੂੰ ਕਾਬੂ ਕਰਕੇ ਉਸ ਤੋਂ 40 ਲੱਖ ਰੁਪਏ ਬਰਾਮਦ ਕੀਤੇ ਸਨ। ਇਸ ਦੌਰਾਨ ਪੁਲੀਸ ਨੇ ਸੌਰਵ ਸ਼ਰਮਾ ਵਾਸੀ ਗੋਹਾਣਾ, ਆਰੀਆ ਵਾਸੀ ਕੋਲਾਪੁਰ ਨੂੰ ਮਹਾਰਾਸ਼ਟਰ ਤੋਂ ਕਾਬੂ ਕੀਤਾ ਗਿਆ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਮਹੀਪਾਲ ਵਾਸੀ ਪਿੰਡ ਇਸਰਾਨ, ਪਾਣੀਪਤ ਨੂੰ 18 ਲੱਖ ਰੁਪਏ ਸਮੇਤ ਮਹਾਰਾਸ਼ਟਰ ਤੋਂ ਕਾਬੂ ਕੀਤਾ ਗਿਆ ਹੈ ਅਤੇ ਸੰਨੀ ਜਾਂਗਲਾ ਵਾਸੀ ਪਿੰਡ ਇਸਰਾਨ ਨੂੰ 2 ਲੱਖ 59 ਹਜ਼ਾਰ ਰੁਪਏ ਸਮੇਤ, ਅਭੈ ਸਿੰਘ ਵਾਸੀ ਬਾਂਦ ਰਾਮ ਨਗਰ ਨੂੰ 4 ਲੱਖ 50 ਹਜ਼ਾਰ ਰੁਪਏ ਸਮੇਤ ਕਾਬੂ ਕੀਤਾ ਹੈ। ਇਸ ਮੌਕੇ ਡੇਰਾਬੱਸੀ ਦੇ ਡੀਐਸਪੀ ਗੁਰਬਖਸਸ਼ੀਸ਼ ਸਿੰਘ, ਡੇਰਾਬੱਸੀ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਵੀ ਹਾਜ਼ਰ ਸਨ।