
ਜ਼ਿਲ੍ਹਾ ਪੁਲੀਸ ਵੱਲੋਂ ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼, ਦੋ ਮੁਲਜ਼ਮ ਗ੍ਰਿਫ਼ਤਾਰ, 3 ਫਰਾਰ
ਸੈਂਟਰਲ ਕੋਆਪਰੇਟਿਵ ਬੈਂਕ ਘੜੂੰਆਂ ਦੀ ਕੰਧ ਨੂੰ ਪਾੜ ਲਗਾ ਕੇ 18 ਲੱਖ ਦੀ ਡਕੈਤੀ ਦਾ ਮਾਮਲਾ ਸੁਲਝਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਮੁਹਾਲੀ ਦੇ ਵਿਵੇਕਸ਼ੀਲ ਸੋਨੀ ਨੇ ਅੱਜ ਇੱਥੇ ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਸ਼ਰਮਾ ਵਾਸੀ ਪਿੰਡ ਅਲੀਗੜ੍ਹ (ਯੂਪੀ) ਅਤੇ ਅਜੈ ਕੁਮਾਰ ਵਾਸੀ ਪਿੰਡ ਕਰਸ਼ਿੰਦੋ (ਹਰਿਆਣਾ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਬੀਤੀ 4 ਮਈ ਦੀ ਦਰਮਿਆਨੀ ਰਾਤ ਨੂੰ ਸੈਂਟਰਲ ਕੋਆਪਰੇਟਿਵ ਬੈਂਕ ਘੜੂੰਆਂ ਦੀ ਕੰਧ ਨੂੰ ਪਾੜ ਲਗਾ ਕੇ 18,00,000 ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਦੋਵੇਂ ਮੁਲਜ਼ਮਾਂ ਨੂੰ ਰੰਧਾਵਾ ਰੋਡ ਟੀ-ਪੁਆਇੰਟ ਪੀਰ ਸੋਹਾਣਾ ਤੋਂ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਮੁਲਜ਼ਮਾਂ ਦੇ ਤਿੰਨ ਹੋਰ ਸਾਥੀ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਸਪਲੈਂਡਰ ਮੋਟਰ ਸਾਈਕਲ, ਇੱਕ ਕਟਰ ਅਤੇ ਗਰੈਂਡਰ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੈਂਕ ਲੁੱਟ ਮਾਮਲੇ ਵਿੱਚ ਬੀਤੀ 5 ਮਈ ਨੂੰ ਥਾਣਾ ਸਦਰ ਖਰੜ ਵਿੱਚ ਧਾਰਾ 457, 380 ਅਤੇ 34 ਅਧੀਨ ਦਰਜ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਐਸਐਸਪੀ ਸੋਨੀ ਨੇ ਦੱਸਿਆ ਕਿ ਇਸ ਗਰੋਹ ਦੇ ਤਿੰਨ ਹੋਰ ਮੈਂਬਰ ਬੈਂਕ ਡਕੈਤੀ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕਰ ਲਈ ਗਈ। ਜਿਨ੍ਹਾਂ ਦੇ ਨਾਮ ਅਮਿਤ ਉਰਫ਼ ਟੋਕਨ, ਅਨਿਲ ਅਤੇ ਮੀਚੀ ਸਾਰੇ ਵਾਸੀ ਜ਼ਿਲ੍ਹਾ ਜੀਂਦ (ਹਰਿਆਣਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਪਹਿਲਾਂ ਵੀ ਵੱਖ-ਵੱਖ ਸੂਬਿਆਂ ਵਿੱਚ ਬੈਂਕ ਡਕੈਤੀਆਂ ਦੀਆਂ ਕਈ ਵਾਰਦਾਤਾ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜਨ ਤੋਂ ਵੱਧ ਅਪਰਾਧਿਕ ਪਰਚੇ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਬੈਂਕ ਡਕੈਤੀਆਂ, ਚੋਰੀਆਂ ਅਤੇ ਹੋਰ ਅਪਰਾਧਿਕ ਮਾਮਲਿਆਂ ਸਬੰਧੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।