Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 5 ਮੁਲਜ਼ਮ ਕੀਤੇ ਕਾਬੂ ਮੁਲਜ਼ਮਾਂ ਕੋਲੋਂ ਅਸਲਾ, 9 ਸੋਨੇ ਦੀਆਂ ਚੈਨੀਆਂ ਅਤੇ ਚੋਰੀ ਦੇ 3 ਵਾਹਨ ਬਰਾਮਦ ਮੁਲਜ਼ਮਾਂ ਨੇ ਨਗਦੀ ਤੇ ਗਹਿਣਿਆਂ ਦੇ ਲਾਲਚ ’ਚ ਆ ਕੇ ਕੀਤਾ ਸੀ ਬਜ਼ੁਰਗ ਅੌਰਤ ਦਾ ਕਤਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ: ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ ਕਰਕੇ ਪੰਜ ਮੁਲਜ਼ਮਾਂ ਨੂੰ ਅਸਲਾ ਅਤੇ 3 ਵਾਹਨਾਂ, ਸੋਨੇ ਦੀਆਂ 9 ਚੈਨੀਆਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਨਵੇਂ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ ਖਰੜ ਵਿੱਚ ਹੋਏ ਇੱਕ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਦਾ ਵੀ ਦਾਅਵਾ ਕੀਤਾ ਹੈ। ਐਸਐਸਪੀ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਖਰੜ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਵ ਚੌਪੜਾ, ਵਿਜੈ ਕੁਮਾਰ, ਮੁਸਤਕੀਮ ਅਲੀ, ਸਲਮਾਨ ਖਾਨ ਸਾਰੇ ਵਾਸੀ ਖਰੜ ਅਤੇ ਕਰਨਬੀਰ ਸਿੰਘ ਵਾਸੀ ਪਿੰਡ ਇਨਾ ਖੇੜਾ (ਮਲੋਟ) ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ ਉੱਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲੀਸ ਨੇ ਛਾਪੇਮਾਰੀ ਕਰਕੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕਰਨਬੀਰ ਮੌਜੂਦਾ ਸਮੇਂ ਵਿੱਚ ਦਸਮੇਸ਼ ਐਨਕਲੇਵ, ਮੁੰਡੀ ਖਰੜ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਸ਼ਿਵ ਚੋਪੜਾ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਪੁਰਾਣੀ ਮਾਤਾ ਗੁਜਰੀ ਐਨਕਲੇਵ ਖਰੜ ਵਿੱਚ ਇੱਕ ਬਜ਼ੁਰਗ ਅੌਰਤ ਕਮਲਜੀਤ ਕੌਰ ਤੋਂ ਨਗਦੀ ਅਤੇ ਗਹਿਣਿਆਂ ਦੇ ਲਾਲਚ ਵਿੱਚ ਆਕੇ ਮਫ਼ਲਰ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਸੀ। ਕਤਲ ਤੋਂ ਬਾਅਦ ਵਿੱਚ ਲਾਸ਼ ਨੂੰ ਅੱਗ ਲਗਾ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਸਬੰਧੀ ਉਸ ਦੇ ਖ਼ਿਲਾਫ਼ ਬੀਤੀ 30 ਜੂਨ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਅਨੁਸਾਰ ਕਤਲ ਦੀ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਮੁਲਜ਼ਮ, ਬਜ਼ੁਰਗ ਅੌਰਤ ਦੇ ਘਰ ਕਿਰਾਏ ’ਤੇ ਰਹਿੰਦਾ ਰਿਹਾ ਹੈ। ਸ਼ਿਵ ਚੋਪੜਾ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਤਾ ਗੁਜਰੀ ਐਨਕਲੇਵ ਖਰੜ, ਸਨੀ ਐਨਕਲੇਵ ਖਰੜ, ਗਿਲਕੋ ਵੈਲੀ ਮਾਰਕੀਟ, ਜੰਡਪੁਰ ਰੋਡ ਖਰੜ ਵਿਖੇ ਵੱਖ-ਵੱਖ ਥਾਵਾਂ ਤੋਂ ਚੈਨ ਸਨੈਚਿੰਗ ਦੀਆਂ 9 ਵਾਰਦਾਤਾਂ, ਮੋਬਾਈਲ ਸਨੈਚਿੰਗ, ਕਰਿਆਨੇ ਦੀ ਦੁਕਾਨਾਂ ਤੋਂ ਨਗਦੀ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸੋਨੇ ਦੀਆਂ 9 ਚੈਨੀਆਂ, ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੇ ਗਏ ਨਾਜਾਇਜ਼ ਹਥਿਆਰ (ਵਿਦੇਸ਼ੀ ਪਿਸਤੌਲ), 3 ਜਿੰਦਾ ਰੌਂਦ, 2 ਖਿਡੌਣਾ ਪਿਸਤੌਲ, 3 ਵਾਹਨ (2 ਮੋਟਰਸਾਈਕਲ ਅਤੇ 1 ਸਕੂਟਰ) ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ