
ਜ਼ੀਰਕਪੁਰ ਵਿੱਚ ਜ਼ਿਲ੍ਹਾ ਪੁਲੀਸ ਵੱਲੋਂ ਤਿੰਨ ਡਿਸਕੋ ਕਲੱਬਾਂ ਵਿਰੁੱਧ ਕੇਸ ਦਰਜ
ਜ਼ਿਲ੍ਹਾ ਮੁਹਾਲੀ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਗਾਹਕਾਂ ਨੂੰ ਹੁੱਕਾ ਆਫ਼ਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ: ਜੇ ਪੀ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 23 ਮਾਰਚ:
ਪੰਜਾਬ ਸਟੇਟ ਤੰਬਾਕੂ ਕੰਟਰੋਲ ਸੈਲ ਮੁਹਾਲੀ, ਜ਼ਿਲ੍ਹਾ ਸੀ ਆਈ ਏ ਸਟਾਫ ਮੁਹਾਲੀ, ਡਰੱਗ ਇੰਸਪੈਕਟਰ, ਜ਼ੀਰਕਪੁਰ ਪੁਲੀਸ, ਜ਼ੀਰਕਪੁਰ ਮੀਡੀਆ ਅਤੇ ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸੰਸਥਾਵਾਂ ਦੀ ਸਾਂਝੀ ਟੀਮ ਨੇ ਬੀਤੀ ਰਾਤ ਜ਼ੀਰਕਪੁਰ ਵਿੱਚ ਨਾਜਾਇਜ਼ ਤੌਰ ਉਪਰ ਚਲ ਰਹੇ ਹੁੱਕਾਬਾਰਾਂ ਅਤੇ ਡਿਸਕੋ ਕਲੱਬਾਂ ’ਤੇ ਛਾਪੇਮਾਰੀ ਕੀਤੀ। ਇਸ ਮੌਕੇ ਤਿੰਨ ਡਿਸਕੋ ਕਲੱਬਾਂ ਖਿਲਾਫ ਪੁਲੀਸ ਵੱਲੋਂ ਕੇਸ ਦਰਜ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੇ ਮੈਂਬਰ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਦੱਸਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਧਾਰਾ 144 ਅਧੀਨ ਸਾਰੇ ਜ਼ਿਲ੍ਹੇ ਵਿੱਚ ਹੁਕਾਬਾਰਾਂ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਜ਼ੀਰਕਪੁਰ ਵਿੱਚ ਸ਼ਰੇਆਮ ਹੁੱਕਾਬਾਰ ਚਲ ਰਹੇ ਹਨ। ਉਨ੍ਹਾਂ ਦਸਿਆ ਕਿ ਇਹ ਹੁਕਾਬਾਰ ਰਾਤ 10 ਵਜੇ ਤੋਂ ਲੈ ਕੇ ਸਵੇਰੇ ਤੜਕੇ ਤੱਕ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਹੁਕਾਬਾਰਾਂ ਵਿੱਚ ਪਾਰਟੀਆਂ ਵੀ ਹੁੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਵਿੱਚ ਹੀ ਕਈ ਬਾਰਾਂ ਦਾ ਐਕਸਾਇਜ ਲਾਇਸੈਂਸ ਹੀ ਖਤਮ ਹੋ ਚੁੱਕਿਆ ਸੀ ਫਿਰ ਵੀ ਉਥੇ ਸ਼ਰਾਬ ਪਰੋਸੀ ਅਤੇ ਵੇਚੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਿਸਕੋ ਕਲੱਬ ਚਲਾਉਣ ਉਪਰ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਜ਼ੀਰਕਪੁਰ ਵਿਚ ਕਈ ਡਿਸਕੋ ਕਲੱਬਾਂ ਚਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਸਕੋ ਕਲੱਬਾਂ ਅਤੇ ਹੁੱਕਾ ਬਾਰਾਂ ਦੇ ਬਾਹਰ ਇਨ੍ਹਾਂ ਦੇ ਪ੍ਰਬੰਧਕਾਂ ਵੱਲੋਂ ਬਾਊਂਸਰ ਖੜੇ ਕੀਤੇ ਹੋਏ ਸਨ। ਜਿਸ ਕਰਕੇ ਇਨ੍ਹਾਂ ਬਾਰਾਂ ਅਤੇ ਕਲੱਬਾਂ ਵਿੱਚ ਜਾਣਾ ਬਹੁਤ ਮੁਸ਼ਕਿਲ ਸੀ ਪਰ ਪੁਲੀਸ ਦੀ ਸਹਾਇਤਾ ਨਾਲ ਹੀ ਇਨ੍ਹਾਂ ਕਲੱਬਾਂ ਤੇ ਬਾਰਾਂ ਉਪਰ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਈ ਕਲੱਬਾਂ ’ਚੋਂ ਕਾਲੇ ਰੰਗ ਦਾ ਪਾਉਡਰ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਰਾਤ ਨੂੰ ਮੁੰਡੇ ਕੁੜੀਆਂ ਆ ਕੇ ਸਾਰੀ ਸਾਰੀ ਰਾਤ ਜ਼ੀਰਕਪੁਰ ਵਿੱਚ ਵੱਖ ਵੱਖ ਕਲੱਬਾਂ ’ਤੇ ਬਾਰਾਂ ਵਿਚ ਪਾਰਟੀਆਂ ਕਰਦੇ ਰਹਿੰਦੇ ਹਨ। ਇਸ ਮੌਕੇ ਜੇ ਪੀ ਸਿੰਘ ਨੇ ਮੰਗ ਕੀਤੀ ਕਿ ਹੁੱਕਾ ਬਾਰਾਂ ਅਤੇ ਡਿਸਕੋ ਕਲੱਬਾਂ ਚਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।