nabaz-e-punjab.com

ਜ਼ਿਲ੍ਹਾ ਪੁਲੀਸ ਸਾਂਝ ਕੇਂਦਰ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਵਾਤਾਵਰਣ ਸੰਭਾਲ ਪ੍ਰੋਗਰਾਮ ਨਾਲ ਜੋੜਨ ਦੀ ਮੁਹਿੰਮ ਜਾਰੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਜੁਲਾਈ:
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਦਰ ਥਾਣੇ ਵਿੱਚ ਬਣੇ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਥਾਣੇਦਾਰ ਮੋਹਣ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਵਾਤਾਵਰਣ ਸੰਭਾਲ ਮੁਹਿੰਮ ਨਾਲ ਬੱਚਿਆਂ ਅਤੇ ਨੌਜੁਆਨਾਂ ਦਾ ਜੁੜਨਾ ਜਾਰੀ ਹੈ ਜੋ ਕਿ ਅਤਿ ਸ਼ਲਾਘਾਯੋਗ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਚਾਹਲ ਦੀ ਰਹਿਨੁਮਾਈ ਅਤੇ ਡੀਐਸਪੀ ਅਮਰੋਜ ਸਿੰਘ ਦੀ ਦੇਖ ਰੇਖ ਵਿੱਚ ਸਾਂਝ ਕੇਂਦਰ ਕੁਰਾਲੀ ਦੇ ਇੰਚਾਰਜ ਮੋਹਣ ਸਿੰਘ ਵੱਲੋਂ ਸ਼ਹਿਰ ਅੰਦਰ ਸਿੰਘਪੁਰਾ ਰੋਡ ਤੇ ਬਣੇ ਖੇਡ ਸਟੇਡੀਅਮ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਉਦਘਾਟਨ ਪਿਛਲੇ ਦਿਨੀ ਰੋਪੜ ਰੇਂਜ ਦੇ ਡੀ.ਆਈ.ਜੀ ਬੀ.ਐਲ ਮੀਨਾ ਵੱਲੋਂ ਕੀਤਾ ਗਿਆ ਸੀ। ਤਿੰਨ ਕੁ ਦਿਨ ਪਹਿਲਾਂ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਸ਼ਹਿਰ ਦੇ ਸੈਂਕੜੇ ਨੌਜੁਆਨ ਅਤੇ ਬੱਚੇ ਜੁੜ ਚੁੱਕੇ ਹਨ ਜੋ ਰੋਜ਼ਾਨਾਂ ਸਟੇਡੀਅਮ ਵਿਚ ਪਹੁੰਚ ਕੇ ਦਰੱਖਤ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਕੰਮ ਕਰਦੇ ਹਨ।
ਮੋਹਣ ਸਿੰਘ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਮੁਹਿੰਮ ਵਿਚ ਨਿੱਕੇ ਬੱਚਿਆਂ ਨੇ ਆਪਣਾ ਯੋਗਦਾਨ ਦਿੰਦੇ ਹੋਏ ਪੌਦੇ ਲਗਾਏ। ਬੇਸ਼ੱਕ ਨਿੱਕੇ ਨਿੱਕੇ ਬੱਚੇ ਆਪਣੇ ਵੱਲੋਂ ਕੀਤੇ ਕੰਮ ਤੋਂ ਅਣਜਾਣ ਸਨ ਪਰ ਮੋਹਣ ਸਿੰਘ ਦੇ ਮਨ ਨੂੰ ਬੜਾ ਸਕੂਨ ਮਿਲ ਰਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਇਹ ਬੱਚੇ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਰਹਿਣਗੇ। ਇਸ ਸਬੰਧੀ ਮੋਹਨ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਉਠਕੇ ਅਤੇ ਆਪਣੇ ਨਿੱਜੀ ਹਿੱਤਾਂ ਦਾ ਤਿਆਗ ਕਰਕੇ ਦਰੱਖਤ ਲਗਾਉਣ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਲਈ ਅੱਗੇ ਆਉਣ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਨਿੱਕੇ ਬੱਚੇ ਸਾਹਿਬਨੂਰ ਸਿੰਘ ਨੇ ਬੂਟੇ ਲਗਾਉਂਦਿਆਂ ਕਿਹਾ ਕਿ ਉਹ ਵੱਡਾ ਹੋ ਕੇ ਇਸ ਦਰੱਖਤ ਦੀ ਛਾਂਵੇ ਖੇਡਣ ਉਪਰੰਤ ਬੈਠਿਆ ਕਰੇਗਾ ਜਿਸ ਨੇ ਹਾਜ਼ਰ ਸਭਨਾਂ ਦਾ ਮਨ ਮੋਹ ਲਿਆ। ਇਸ ਦੌਰਾਨ ਸਾਂਝ ਕੇਂਦਰ ਦੇ ਕਰਮਚਾਰੀ ਧਰਵਿੰਦਰ ਸਿੰਘ, ਸੰਦੀਪ ਕੌਰ, ਗੁਰਮੁਖ ਸਿੰਘ ਅਤੇ ਦਲਵਿੰਦਰ ਸਿੰਘ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਵਿਚ ਨੌਜੁਆਨਾਂ ਅਤੇ ਬੱਚਿਆਂ ਨੇ ਪੌਦੇ ਲਗਾਉਣ ਦੀ ਸੇਵਾ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…