
ਜ਼ਿਲ੍ਹਾ ਪੁਲੀਸ ਨੇ ਅੌਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 1, ਕਾਤਲ ਗ੍ਰਿਫ਼ਤਾਰ, ਸਾਥੀ ਫਰਾਰ
ਖਤਾਨਾਂ ’ਚੋਂ ਰੱਸੀਆਂ ਨਾਲ ਨੂੜੀ ਪਲਾਸਟਿਕ ਦੇ ਥੈਲਿਆਂ ’ਚੋਂ ਬਰਾਮਦ ਕੀਤੀ ਸੀ ਅੌਰਤ ਦੀ ਲਾਸ਼
ਮੁਹਾਲੀ ਦੇ ਫੇਜ਼-1, ਬੜਮਾਜਰਾ ਤੇ ਬਲੌਂਗੀ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿ ਚੁੱਕੀ ਹੈ ਸੰਜਨਾ ਦੇਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਜ਼ਿਲ੍ਹਾ ਪੁਲੀਸ ਮੁਹਾਲੀ ਨੇ ਅਗਸਤ ਵਿੱਚ ਹੋਏ ਅੌਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੀ 21 ਅਗਸਤ ਨੂੰ ਪਿੰਡ ਗੋਸਲਾਂ ਨੇੜੇ ਖਰੜ-ਰੋਪੜ ਨੈਸ਼ਨਲ ਹਾਈਵੇਅ ਦੇ ਖਤਾਨਾਂ ’ਚੋਂ ਪੁਲੀਸ ਨੇ ਅੌਰਤ ਦੀ ਲਾਸ਼ ਬਰਾਮਦ ਕੀਤੀ ਸੀ। ਇੱਥੇ ਪਲਾਸਟਿਕ ਦੇ ਥੈਲੇ ’ਚੋਂ ਬਦਬੂ ਆਉਣ ਕਾਰਨ ਰਾਹਗੀਰਾਂ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ।
ਐਸਐਸਪੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋ ਪਲਾਸਟਿਕ ਦੇ ਥੈਲਿਆਂ ਵਿੱਚ ਪੈਕ ਕੀਤੀ ਅੌਰਤ ਦੀ ਰੱਸੀਆਂ ਨਾਲ ਨੂੜੀ ਲਾਸ਼ ਬਰਾਮਦ ਕੀਤੀ ਗਈ ਸੀ। ਇਸ ਸਬੰਧੀ ਥਾਣਾ ਸਦਰ ਕੁਰਾਲੀ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁੱਲਾਂਪੁਰ ਗਰੀਬਦਾਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਮਲਕੀਤ ਸਿੰਘ ਦੀ ਨਿਗਰਾਨੀ ਹੇਠ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਮ੍ਰਿਤਕ ਅੌਰਤ ਦੀ ਪਛਾਣ ਸੰਜਨਾ ਦੇਵੀ ਪਤਨੀ ਸੁਬੋਧ ਸ਼ਰਮਾ ਵਾਸੀ ਬਿਹਾਰ ਵਜੋਂ ਹੋਈ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੰਜਨਾ ਦੇਵੀ ਫਰਵਰੀ ਤੋਂ ਲਾਪਤਾ ਸੀ। ਛਾਣਬੀਣ ਕਰਨ ’ਤੇ ਪਤਾ ਲੱਗਾ ਕਿ ਸੰਜਨਾ ਦੇਵੀ ਦੇ ਲਾਪਤਾ ਹੋਣ ਤੋਂ ਪਹਿਲਾ ਉਹ ਪੰਕਜ ਸ਼ਰਮਾ ਵਾਸੀ ਗੋਸਾਈ, ਥਾਣਾ ਚੌਸਾ, ਜ਼ਿਲ੍ਹਾ ਮੱਧੇਪੁਰਾ, ਬਿਹਾਰ ਦੇ ਸੰਪਰਕ ਵਿੱਚ ਸੀ।
ਐਸਐਸਪੀ ਮਾਹਲ ਨੇ ਦੱਸਿਆ ਕਿ ਜਾਂਚ ਟੀਮਾਂ ਨੇ ਤਫ਼ਤੀਸ਼ ਦਾ ਘੇਰਾ ਬਿਹਾਰ ਤੱਕ ਵਧਾਇਆ ਤਾਂ ਪਤਾ ਲੱਗਾ ਕਿ ਪੰਕਜ ਨਾਲ ਸੰਜਨਾ ਦੇਵੀ ਦੇ ਕਥਿਤ ਨਾਜਾਇਜ਼ ਸਬੰਧ ਸਨ ਅਤੇ ਉਹ 15 ਅਗਸਤ ਤੱਕ ਪੰਜਾਬ ਵਿੱਚ ਪੰਕਜ ਸਰਮਾ ਅਤੇ ਉਸ ਦੇ ਚਚੇਰੇ ਭਰਾ ਨਿਤੀਸ਼ ਕੁਮਾਰ ਨਾਲ ਮੁਹਾਲੀ ਦੇ ਫੇਜ਼-1 ਅਤੇ ਦਾਰਾ ਸਟੂਡੀਓ ਨੇੜਲੇ ਪਿੰਡ ਬੜਮਾਜਰਾ, ਪਿੰਡ ਬਲੌਂਗੀ ਵਿਖੇ ਕਿਰਾਏ ਦੇ ਮਕਾਨਾਂ ਵਿੱਚ ਬੱਚਿਆਂ ਸਮੇਤ ਰਹਿੰਦੀ ਰਹੀ ਹੈ। ਪੁਲੀਸ ਨੇ ਨਿਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਉਸ ਦਾ ਚਚੇਰਾ ਭਰਾ ਪੰਕਜ਼ ਸ਼ਰਮਾ ਹਾਲੇ ਫਰਾਰ ਹੈ। ਐਸਐਸਪੀ ਨੇ ਕਿਹਾ ਕਿ ਫਰਾਰ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐਸਐਸਪੀ ਨੇ ਦੱਸਿਆ ਕਿ ਨਿਤੀਸ਼ ਕੁਮਾਰ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੇ ਭਰਾ ਪੰਕਜ ਸ਼ਰਮਾ ਨਾਲ ਮਿਲ ਕੇ ਸੰਜਨਾ ਦੇਵੀ ਨੂੰ ਫਰਵਰੀ ਵਿੱਚ ਵਰਗਲਾ ਕੇ ਬੱਚਿਆਂ ਸਮੇਤ ਪੰਜਾਬ ਲੈ ਆਏ ਸੀ, ਹੁਣ ਉਹ ਇਸ ਅੌਰਤ ਤੇ ਬੱਚਿਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸੀ ਅਤੇ ਸਾਜ਼ਿਸ਼ ਤਹਿਤ ਪਹਿਲਾ ਪੰਕਜ ਨੇ ਸੰਜਨਾ ਦੇ ਵੱਡੇ ਲੜਕੇ ਸੋਨੂੰ ਕੁਮਾਰ (9) ਨੂੰ ਹੋਸਟਲ ਛੱਡਣ ਦੇ ਬਹਾਨੇ ਅਗਸਤ ਦੇ ਪਹਿਲੇ ਹਫ਼ਤੇ ਹੀ ਕਿਤੇ ਛੱਡ ਆਇਆ ਸੀ ਅਤੇ 15 ਅਗਸਤ ਨੂੰ ਫੇਜ਼-1, ਮੁਹਾਲੀ ਸਥਿਤ ਕਿਰਾਏ ਦੇ ਕਮਰੇ ’ਚੋਂ ਦਿਨ ਚੜ੍ਹਨ ਤੋਂ ਪਹਿਲਾ ਚੋਰੀ ਛਿਪੇ ਛੋਟੇ ਲੜਕੇ ਸੁਮਨ ਕੁਮਾਰ (6) ਨੂੰ ਕਿਤੇ ਹੋਰ ਥਾਂ ਛੱਡ ਦਿੱਤਾ ਅਤੇ ਸੰਜਨਾ ਦੇਵੀ ਨੂੰ ਬੜਮਾਜਰਾ ਵਿੱਚ ਕਿਰਾਏ ਮਕਾਨ ਵਿੱਚ ਲਿਆਂਦਾ ਗਿਆ। ਜਿੱਥੇ ਪੰਕਜ ਸ਼ਰਮਾ ਅਤੇ ਨਿਤੀਸ਼ ਕੁਮਾਰ ਨੇ ਸੰਜਨਾ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਉਸ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਰੱਸੀਆਂ ਨਾਲ ਬੰਨ੍ਹ ਕੇ ਪਲਾਸਟਿਕ ਦੇ ਥੈਲੇ ਵਿੱਚ ਪੈਕ ਕਰਕੇ ਉਸ ਨੂੰ ਪਿੰਡ ਗੋਸਲਾਂ ਨੇੜੇ ਖਤਾਨਾਂ ਵਿੱਚ ਸੁੱਟ ਦਿੱਤਾ।