ਜ਼ਿਲ੍ਹਾ ਪੁਲੀਸ ਨੇ 1 ਕਰੋੜ ਦੀ ਲੁੱਟ ਦਾ ਮਾਮਲਾ ਸੁਲਝਾਇਆ, 3 ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਲੁੱਟ ਦੀ ਰਾਸ਼ੀ ’ਚੋਂ 68 ਲੱਖ ਬਰਾਮਦ, ਹੌਂਡਾ ਸਿਟੀ ਕਾਰ ਵੀ ਕੀਤੀ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਡੇਰਾਬੱਸੀ ਵਿੱਚ ਦਿਨ ਦਿਹਾੜੇ ਗੋਲੀਆਂ ਚਲਾ ਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਕੇ ਇੱਕ ਕਰੋੜ ਰੁਪਏ ਦੀ ਨਗਦੀ ਲੁੱਟਣ ਦਾ ਮਾਮਲਾ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਰਣਜੋਧ ਸਿੰਘ ਵਾਸੀ ਪਿੰਡ ਝੰਡੀਆਂ ਕਲਾਂ (ਫਿਰੋਜ਼ਪੁਰ), ਮਨਿੰਦਰਜੀਤ ਸਿੰਘ ਵਾਸੀ ਪਿੰਡ ਬਡਾਲਾ ਜੌਹਲ (ਅੰਮ੍ਰਿਤਸਰ) ਅਤੇ ਸੌਰਵ ਸ਼ਰਮਾ ਵਾਸੀ ਵਿਸ਼ਨੂੰ ਨਗਰ ਗੋਹਾਣਾ ਸਿਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਲੁੱਟ ਦੀ ਰਾਸ਼ੀ ’ਚੋਂ 68 ਲੱਖ ਦੀ ਨਗਦੀ ਅਤੇ ਇੱਕ ਹੌਂਡਾ ਸਿਟੀ ਕਾਰ ਬਰਾਮਦ ਕੀਤੀ ਗਈ ਹੈ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਬੀਤੀ 10 ਜੂਨ ਨੂੰ ਡੇਰਾਬੱਸੀ ਸ਼ਹਿਰ ਵਿੱਚ ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਕੋਲੋਂ 1 ਕਰੋੜ ਰੁਪਏ ਦੀ ਲੁੱਟ-ਖੋਹ ਕੀਤੀ ਗਈ ਸੀ। ਇਸ ਸਬੰਧੀ ਡੇਰਾਬੱਸੀ ਥਾਣੇ ਵਿੱਚ ਧਾਰਾ 307, 397, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਮੁਲਜ਼ਮਾਂ ਦੀ ਪੈੜ ਨੱਪਣ ਲਈ ਡੇਰਾਬੱਸੀ ਦੇ ਡੀਐਸਪੀ ਗੁਰਬਖ਼ਸ਼ੀਸ਼ ਸਿੰਘ, ਡੀਐਸਪੀ (ਡੀ) ਕੁਲਜਿੰਦਰ ਸਿੰਘ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਸਮੇਤ ਡੇਰਾਬੱਸੀ ਤੇ ਲਾਲੜੂ ਅਤੇ ਹੰਡੇਸਰਾ ਦੇ ਥਾਣਾ ਮੁਖੀਆਂ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆ ਸਨ।
ਇਸ ਦੌਰਾਨ ਪੁਲੀਸ ਨੇ ਰਣਯੋਧ ਸਿੰਘ ਪਿੰਡ ਝੰਡੀਆ ਕਲਾਂ (ਫਿਰੋਜ਼ਪੁਰ) ਨੂੰ ਕਾਬੂ ਕੀਤਾ ਗਿਆ। ਜੋ ਪੈਂਟਾ ਹੋਮ ਜ਼ੀਰਕਪੁਰ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ। ਉਹ 5 ਦਿਨਾਂ ਪੁਲੀਸ ਰਿਮਾਂਡ ’ਤੇ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਰਣਜੋਧ ਸਿੰਘ ਦੇ ਫਲੈਟ ’ਚੋਂ 28 ਲੱਖ ਰੁਪਏ ਬਰਾਮਦ ਕੀਤੇ ਗਏ, ਜੋ ਉਸ ਨੇ ਆਪਣੇ ਫਲੈਟ ਵਿੱਚ ਛੁਪਾ ਕੇ ਰੱਖੇ ਹੋਏ ਸੀ। ਇਸ ਮਗਰੋਂ ਮੁਲਜ਼ਮ ਮਨਿੰਦਰਜੀਤ ਇੰਚਾਰਜ ਜ਼ਿਲ੍ਹਾ ਸੀਆਈਏ ਸਟਾਫ਼ ਅਤੇ ਹੰਡੇਸਰਾ ਪੁਲੀਸ ਦੀ ਸਾਂਝੀ ਟੀਮ ਨੇ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ 40 ਲੱਖ ਰੁਪਏ ਬਰਾਮਦ ਕੀਤੇ ਗਏ। ਇੰਜ ਹੀ ਸੌਰਵ ਸ਼ਰਮਾ ਨੂੰ ਵਿਸ਼ਨੂੰ ਨਗਰ ਗੋਹਾਣਾ ਸਿਟੀ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਲੁੱਟਾਂ-ਖੋਹਾਂ ਬਾਰੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …