Nabaz-e-punjab.com

ਲੋਕਾਂ ਨੂੰ ਸੜਕੀ ਨਿਯਮਾਂ ਦਾ ਪਾਠ ਪੜ੍ਹਾਉਣ ਵਿੱਚ ਜੁਟਿਆ ਜ਼ਿਲ੍ਹਾ ਪੁਲੀਸ ਟਰੈਫ਼ਿਕ ਐਜੂਕੇਸ਼ਨ ਸੈੱਲ

ਪੰਜ ਮਹੀਨਿਆਂ ਵਿੱਚ 149 ਸੈਮੀਨਾਰ ਕਰ ਕੇ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ

ਟਰੈਫ਼ਿਕ ਨਿਯਮਾਂ ਦਾ ਪਾਲਣ ਕਰਕੇ ਸੜਕ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਪਾਈ ਜਾ ਸਕਦੀ ਹੈ ਠੱਲ੍ਹ: ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਜ਼ਿਲ੍ਹਾ ਪੁਲੀਸ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਐਸ.ਏ.ਐਸ. ਨਗਰ (ਮੁਹਾਲੀ) ਆਮ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਵਿੱਚ ਜੁਟਿਆ ਹੋਇਆ ਹੈ ਅਤੇ ਪਹਿਲੀ ਜਨਵਰੀ ਤੋਂ 31 ਮਈ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ 149 ਸੈਮੀਨਾਰ ਕਰਵਾ ਕੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਅਜਿਹੇ ਸੈਮੀਨਾਰ ਕਰਵਾਉਣ ਦਾ ਮਕਸਦ ਲੋਕਾਂ ਵਿੱਚ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਟਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਨਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।
ਐਸਐਸਪੀ ਨੇ ਸੈਮੀਨਾਰਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜਨਵਰੀ ਤੋਂ 31 ਮਈ ਤੱਕ ਸਕੂਲਾਂ/ਕਾਲਜਾਂ ਵਿੱਚ 93 ਟਰੈਫ਼ਿਕ ਜਾਗਰੂਕਤਾ ਸੈਮੀਨਾਰ ਲਾਏ ਗਏ। ਜਿਨ੍ਹਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਖ ਵੱਖ ਉਦਾਹਰਨਾਂ ਦੇ ਕੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਵਾਪਰਨ ਵਾਲੇ ਹਾਦਸਿਆਂ ਬਾਰੇ ਵੀ ਦੱਸਿਆ ਗਿਆ। ਇਸੇ ਤਰ੍ਹਾਂ ਸਕੂਲੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਤੇ ਮਹਿਲਾ ਅਟੈਂਡੈਂਟਾਂ ਨੂੰ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ 11 ਸੈਮੀਨਾਰ ਕਰਵਾਏ ਗਏ। ਇਸ ਤੋਂ ਇਲਾਵਾ ਫੋਰ ਵੀਲ੍ਹਰ ਯੂਨੀਅਨ ਵਿੱਚ 2 ਸੈਮੀਨਾਰ, ਥ੍ਰੀ ਵੀਲ੍ਹਰ ਯੂਨੀਅਨ ਵਿੱਚ 8 ਸੈਮੀਨਾਰ, ਟੈਕਸੀ ਸਟੈਂਡ ਵਿਖੇ 3 ਸੈਮੀਨਾਰ, ਕੈਂਟਰ ਅਤੇ ਟਰੱਕ ਯੂਨੀਅਨਾਂ ਵਿੱਚ 7 ਸੈਮੀਨਾਰ, ਟਰੈਕਟਰ-ਟਰਾਲੀ ਯੂਨੀਅਨਾਂ ਵਿੱਚ 2 ਸੈਮੀਨਾਰ, ਟੈਂਪੂ ਯੂਨੀਅਨਾਂ ਵਿੱਚ 4 ਸੈਮੀਨਾਰ ਅਤੇ ਪਿੰਡਾਂ/ਸ਼ਹਿਰਾਂ ਵਿੱਚ 19 ਟਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਵਿੱਚ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਣੂ ਕਰਨ ਤੋਂ ਇਲਾਵਾ ਜਿੱਥੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਣ ਲਈ ਵੀ ਪ੍ਰੇਰਿਆ ਜਾਂਦਾ ਹੈ। ਇਸ ਦੇ ਨਾਲ ਹੀ ਸਾਂਝ ਕੇਂਦਰਾਂ ਤੋਂ ਮਿਲਦੀਆਂ ਸੁਵਿਧਾਵਾਂ ਬਾਰੇ ਅਤੇ ਪੁਲੀਸ ਵੱਲੋਂ ਅੌਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੀ ਗਈ ‘ਸ਼ਕਤੀ’ ਐਪ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਹਾਦਸੇ ਵਾਹਨ ਚਾਲਕਾਂ ਵੱਲੋਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਵਾਪਰਦੇ ਹਨ। ਜਿਨ੍ਹਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾਲ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਟਰੈਫ਼ਿਕ ਨਿਯਮਾਂ ਦਾ ਪਾਲਣਾ ਜ਼ਰੂਰ ਕਰਨਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …