Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਐਂਬੂਲੈਂਸ ਸੇਵਾ ਦੀ ਪਲੇਠੀ ਸ਼ੁਰੂਆਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜਨ ਅੌਸ਼ਧੀ ਸੈਂਟਰ ਨੇੜੇ ਖੜ੍ਹੀ ਹੋਇਆ ਕਰੇਗੀ ਐਂਬੂਲੈਂਸ ਰੈੱਡ ਕਰਾਸ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜੈਨਰਿਕ ਦਵਾਈਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ: ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਪਹਿਲੀ ਵਾਰ ਰੈੱਡ ਕਰਾਸ ਵੱਲੋਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਹੜੀ ਕਿ ਸਿਵਲ ਹਸਪਤਾਲ ਫੇਜ਼-6 ਵਿਖੇ ਜਨ ਅੌਸ਼ਧੀ ਸਟੋਰ ਨੇੜੇ ਖੜ੍ਹੇਗੀ। ਕੋਈ ਵੀ ਲੋੜਵੰਦ ਇਸ ਐਂਬੂਲੈਂਸ ਸੇਵਾ ਦਾ ਲਾਭ ਲੈ ਸਕਦਾ ਹੈ। ਇਸ ਸਬੰਧੀ ਜਾਣਕਾਰੀ ਸਹਾਇਕ ਕਮਿਸ਼ਨਰ (ਜਨਰਲ) ਕਮ ਅਵੇਤਨੀ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸ. ਜਸਵੀਰ ਸਿੰਘ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਪਾਲਿਕਾ ਅਰੋੜਾ ਨੇ ਇਸ ਐਂਬੂਲੈਂਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਦਿੱਤੀ। ਇਸ ਮੌਕੇ ਜਸਵੀਰ ਸਿੰੰਘ ਨੇ ਦੱਸਿਆ ਕਿ ਪਹਿਲਾਂ ਲੋੜਵੰਦ ਅਤੇ ਆਮ ਮਰੀਜ਼ਾਂ ਦੀ ਸਹੂਲਤ ਲਈ ਸਿਵਲ ਹਸਪਤਾਲ ਫੇਜ਼-06 ਵਿਖੇ ਜੈਨਰਿਕ ਦਵਾਈਆਂ ਦਾ ਜਨ ਅੌਸ਼ਧੀ ਸਟੋਰ ਸਾਲ 2012 ਤੋਂ ਸਫ਼ਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਜਨ ਅੌਸ਼ਧੀ ਸਟੋਰ ਵਿੱਚ ਜੈਨਰਿਕ ਦਵਾਈਆਂ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ ਲੋੋੜਵੰਦ ਮਰੀਜ਼ ਲਾਹਾ ਲੈ ਰਹੇ ਹਨ ਅਤੇ ਇਸ ਜਨ ਅੌਸ਼ਧੀ ਸਟੋਰ ਵਿੱਚ 500 ਤੋਂ ਵੱਧ ਕਿਸਮ ਦੀਆਂ ਜੈਨਰਿਕ ਦਵਾਈਆਂ ਉਪਲੱਬਧ ਹਨ। ਮਰੀਜ਼ ਇਨ੍ਹਾਂ ਜੈਨਰਿਕ ਦਵਾਈਆਂ ਨੂੰ ਖ਼ਰੀਦਣ ਲਈ ਦਿਲਚਸਪੀ ਲੈਂਦੇ ਹਨ, ਕਿਉਂਕਿ ਇਹ ਦਵਾਈਆਂ ਮੈਡੀਕਲ ਸਟੋਰਾਂ ਮਿਲਣ ਵਾਲੀਆਂ ਦਵਾਈਆਂ ਦੇ ਮੁਕਾਬਲੇ 60 ਤੋਂ 80 ਫੀਸਦੀ ਤੱਕ ਸਸਤੀਆਂ ਮਿਲਦੀਆਂ ਹਨ। ਅਵੇਤਨੀ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਖਰੜ ਸਿਵਲ ਹਸਪਤਾਲ ਵਿਖੇ ਐਸਡੀਐਮ ਦੀ ਨਿਗਰਾਨੀ ਹੇਠ ਜਨ ਅੌਸ਼ਧੀ ਸਟੋਰ ਜਲਦੀ ਹੀ ਖੋਲ੍ਹਿਆ ਜਾਵੇਗਾ ਤਾਂ ਜੋ ਖਰੜ ਹਸਪਤਾਲ ਵਿਖੇ ਵੀ ਮਰੀਜ਼ ਜੈਨਰਿਕ ਦਵਾਈਆਂ ਸਸਤੇ ਭਾਅ ’ਤੇ ਲੈ ਸਕਣ। ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਐਂਬੂਲੈਂਸ ਸੇਵਾ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੀ ਗਈ ਹੈ ਅਤੇ ਐਂਬੂਲੈਂਸ ਸੇਵਾ ਦੇ ਵਾਜਿਬ ਰੇਟ, ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਵੱਲੋਂ ਨਿਰਧਾਰਤ ਕੀਤੇ ਰੇਟਾਂ ਮੁਤਾਬਕ ‘ਨੋ ਪਰੌਫਿਟ ਨੌ ਲੌਸ’ ਉੱਤੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਲੋੜਵੰਦ ਵਿਅਕਤੀ/ਮਰੀਜ਼ ਭਾਵੇਂ ਐਸ.ਏ.ਐਸ ਨਗਰ ਜ਼ਿਲ੍ਹੇ ਦਾ ਜਾਂ ਗੁਆਂਢੀ ਰਾਜ ਹਰਿਆਣਾ ਜਾਂ ਹਿਮਾਚਲ ਦਾ ਹੋਵੇ, ਐਂਬੂਲੈਂਸ ਵੈਨ ਦੇ ਡਰਾਈਵਰ ਦੇ ਮੋਬਾਈਲ ਨੰਬਰ 8283855242 ’ਤੇ ਸੰਪਰਕ ਕਰ ਸਕਦੇ ਹਨ। ਇਹ ਐਂਬੂਲੈਂਸ ਸੇਵਾ ਮਰੀਜ਼ਾਂ ਨੂੰ ਘਰ ਤੋਂ ਸਿਵਲ ਹਸਪਤਾਲ ਤੱਕ ਪਹੁੰਚਾਉਣ ਅਤੇ ਵਾਪਸੀ ਲਈ ਸੇਵਾ ਨਿਭਾਏਗੀ। ਇਸ ਤੋਂ ਇਲਾਵਾ ਮ੍ਰਿਤਕ ਸ਼ਰੀਰ ਨੂੰ ਵਾਰਸਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਵੀ ਸੇਵਾਵਾਂ ਪ੍ਰਦਾਨ ਕਰੇਗੀ। ਐਂਬੂਲੈਂਸ ਨੂੰ ਰਵਾਨਾ ਕਰਨ ਮੌਕੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਸਕੱਤਰ ਸ੍ਰੀ ਰਾਜ ਮੱਲ, ਸੁਪਰਵਾਈਜ਼ਰ ਸੁਖਵੰਤ ਸਿੰਘ, ਅਕਾਊਂਂਟੈਂਟ ਤਰਨਪ੍ਰੀਤ ਸਿੰਘ ਸਮੇਤ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਨੁਮਾਇੰਦੇ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ