Nabaz-e-punjab.com

ਡੈਮੋਕ੍ਰੇਟਿਕ ਟੀਚਰਜ਼ ਫਰੰਟ ਮੁਹਾਲੀ ਦੀ 9 ਮੈਂਬਰੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦਾ ਗਠਨ

ਸਕੂਲਾਂ ਵਿੱਚ ਅਧਿਆਪਕਾਂ ਤੱਕ ਜਥੇਬੰਦਕ ਪਹੁੰਚ ਬਣਾਉਣ ਤੇ ਸਿੱਖਿਆ ਦੇ ਨਿੱਜੀਕਰਨ ਖ਼ਿਲਾਫ਼ ਡਟਣ ਦਾ ਫੈਸਲਾ

ਮੀਟਿੰਗ ਵਿੱਚ 3 ਨਵੰਬਰ ਨੂੰ ਹੋਣ ਵਾਲੇ ਸੂਬਾ ਚੋਣ ਇਜਲਾਸ ਦਾ ਹਿੱਸਾ ਬਣਨ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ। ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਭਵਨ ਦੇ ਪਾਰਕ ਵਿੱਚ ਹੋਈ ਇਸ ਮੀਟਿੰਗ ਵਿੱਚ ਜਥੇਬੰਦੀ ਦੀਆਂ ਸਰਗਰਮੀਆਂ ਦਾ ਮੁਲਾਂਕਣ ਕਰਦਿਆਂ ਭਵਿੱਖ ਵਿੱਚ ਸਕੂਲਾਂ ਵਿੱਚ ਅਧਿਆਪਕਾਂ ਤੱਕ ਜਥੇਬੰਦਕ ਪਹੁੰਚ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਨਿੱਜੀਕਰਨ ਖ਼ਿਲਾਫ਼ ਡਟਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ 9 ਮੈਂਬਰੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ। ਅਮਰੀਕ ਸਿੰਘ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਕਨਵੀਨਰ ਅਤੇ ਗੁਰਸ਼ਰਨ ਸਿੰਘ ਨੂੰ ਜ਼ਿਲ੍ਹਾ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਜਦੋਂਕਿ ਬਾਕੀ ਮੈਂਬਰਾਂ ਵਿੱਚ ਹਰਤੇਜ ਸਿੰਘ, ਪਰਮਜੀਤ ਕੌਰ, ਉਰਮਿਲਾ ਰਾਣੀ, ਗਗਨਜੋਤ ਕੌਰ, ਚਰਨਜੀਤ ਸਿੰਘ, ਰੁਪਿੰਦਰ ਸਿੰਘ ਅਤੇ ਮੈਡਮ ਭਾਰਤੀ ਸ਼ਾਮਲ ਹਨ।
ਇਸ ਮੌਕੇ 3 ਨਵੰਬਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿੱਚ ਹੋਣ ਵਾਲੇ ਸੂਬਾ ਪੱਧਰੀ ਚੋਣ ਇਜਲਾਸ ਦਾ ਹਿੱਸਾ ਬਣਨ ਦਾ ਫੈਸਲਾ ਲਿਆ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਸਕੀਮ ਦੇ ਨਾਂ ਹੇਠ ਪੀਪੀਪੀ (ਪਬਲਿਕ ਪ੍ਰਾਈਵੇਟ ਪਾਟਰਨਰਸ਼ਿਪ) ਤਹਿਤ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਅਧਿਆਪਕਾਂ/ਗੈਰ ਸਰਕਾਰੀ ਸੰਸਥਾਵਾਂ ਅਤੇ ਕਾਰਪੋਰੇਟ ਘਰਾਣਿਆਂ ’ਤੇ ਸੁੱਟਣ ਅਤੇ ਜਨਤਕ ਸਿੱਖਿਆ ਨੂੰ ਨਿੱਜੀਕਰਨ ਵੱਲ ਧੱਕਣ ਦੀ ਸਖ਼ਤ ਨਿਖੇਧੀ ਕੀਤੀ ਗਈ।
ਆਗੂਆਂ ਨੇ ਮੰਗ ਕੀਤੀ ਕਿ ਰੈਸ਼ਨੇਲਾਈਜੇਸ਼ਨ ਨੀਤੀ ਤਹਿਤ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀ ਦੀ ਅਸਾਮੀ ਦੇਣ ਅਤੇ ਘੱਟੋ ਘੱਟ 51 ਵਿਦਿਆਰਥੀਆਂ ਦੀ ਸ਼ਰਤ ਵਾਪਸ ਲੈਣ, ਸਰੀਰਕ ਸਿੱਖਿਆ ਤੇ ਡਰਾਇੰਗ ਵਿਸ਼ਿਆਂ ਨੂੰ ਦਸਵੀਂ ਸ਼੍ਰੇਣੀ ਤੱਕ ਲਾਜ਼ਮੀ ਕਰਨ ਅਤੇ ਮਿਡਲ ਸਕੂਲਾਂ ਵਿੱਚ ਸਾਰੀਆਂ ਅਸਾਮੀਆਂ ਬਹਾਲ ਰੱਖਣ, ਲੈਕਚਰਾਰਾਂ ਦੀ ਰਿਵਰਸ਼ਨ ਦਾ ਫੈਸਲਾ ਵਾਪਸ ਲੈ ਕੇ ਸੀਨੀਅਰਤਾ ਸੂਚੀ ਅਨੁਸਾਰ ਬਾਕੀ ਰਹਿੰਦੇ ਸਾਰੇ ਯੋਗ ਅਧਿਆਪਕਾਂ ਨੂੰ ਸਰਕਾਰੀ ਨੇਮਾਂ ਅਨੁਸਾਰ ਤਰੱਕੀ ਦੇਣ, ਸਾਰੇ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ, ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਅੰਤ੍ਰਿਮ ਰਾਹਤ/ਈਪੀਐਫ਼ ਸਮੇਤ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਸੂਬਾ ਕਮੇਟੀ ਮੈਂਬਰਾਂ ਗੁਰਪਿਆਰ ਕੋਟਲੀ, ਵਿਕਰਮ ਦੇਵ ਸਿੰਘ ਅਤੇ ਅਮੋਲਕ ਡੈਲੂਆਣਾ, ਅਧਿਆਪਕ ਆਗੂ ਨਿਰਭੈ ਸਿੰਘ, ਸੀਮਾ ਰਾਣੀ, ਰਮੇਸ਼ ਕੁਮਾਰ ਖਰੜ, ਮਹਾਦੇਵ ਸਿੰਘ, ਪਰਵਿੰਦਰ ਸਿੰਘ, ਭੁਪਿੰਦਰ ਸਿੰਘ ਮੁਹਾਲੀ, ਹੀਰਾ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਕੌਰ ਅਤੇ ਅਮਨਦੀਪ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…