Nabaz-e-punjab.com

ਦਿਵਿਆਂਗ ਵਿਅਕਤੀਆਂ ਨੂੰ ਅਪੰਗਤਾ ਦੇ ਸਬੂਤ ਵਜੋਂ ਵਾਧੂ ਦਸਤਾਵੇਜ਼ ਰੱਖਣ ਦੀ ਕੋਈ ਲੋੜ ਨਹੀਂ: ਗਿਰੀਸ਼ ਦਿਆਲਨ

ਸਾਰੇ ਸਰਕਾਰੀ ਹਸਪਤਾਲਾਂ ਵਿੱਚ 12 ਤੋਂ 25 ਅਕਤੂਬਰ ਤੱਕ ਲਗਾਏ ਜਾਣਗੇ ਵਿਸ਼ੇਸ਼ ਅਪੰਗਤਾ ਮੁਲਾਂਕਣ ਕੈਂਪ

ਭਾਵੇਂ ਕਿੰਨਾ ਵੀ ਫੀਸਦ ਹੋਵੇ ਅਪੰਗਤਾ, ਯੂਡੀਆਈਡੀ ਕਾਰਡ ਸਾਰਿਆ ਲਈ ਮਹੱਤਵਪੂਰਨ

ਅਪੰਗਤਾ ਦੀ ਦਰ ਦਰਸਾਉਣ ਲਈ ਕਾਰਡਾਂ ’ਤੇ ਲਗਾਈਆਂ ਵਿਸ਼ੇਸ਼ ਰੰਗਾਂ ਦੀਆਂ ਪੱਟੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਾਰੇ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਅਪੰਗਤਾ ਆਈਡੀ ਕਾਰਡ (ਯੂਡੀਆਈਡੀ ਕਾਰਡ) ਬਣਾਏ ਜਾ ਰਹੇ ਹਨ, ਭਾਵੇਂ ਉਨ੍ਹਾਂ ਦੀ ਅਪੰਗਤਾ ਦੀ ਦਰ ਕਿੰਨੀ ਵੀ ਘੱਟ ਕਿਉਂ ਨਾ ਹੋਵੇ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਦੀ ਪਛਾਣ ਅਤੇ ਪੁਸ਼ਟੀ ਲਈ ਇਕ ਹੀ ਦਸਤਾਵੇਜ਼ ਹੈ। ਜਿਸ ਰਾਹੀਂ ਉਹ ਕਈ ਪ੍ਰਕਾਰ ਦੇ ਲਾਭ ਲੈ ਸਕਦੇ ਹਨ। ਇਸ ਕਾਰਡ ਵਿੱਚ ਸਬੰਧਤ ਦਿਵਿਆਂਗ ਵਿਅਕਤੀ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਦਰਜ ਹੋਵੇਗੀ ਅਤੇ ਇਸ ਨਾਲ ਹੋਰ ਅਪੰਗਤਾ ਸਰਟੀਫਿਕੇਟ ਆਦਿ ਦਸਤਾਵੇਜ਼ ਰੱਖਣ ਦੀ ਲੋੜ ਨਹੀਂ ਰਹੇਗੀ।
ਸ੍ਰੀ ਦਿਆਲਨ ਨੇ ਕਿਹਾ ਕਿ ਮੌਜੂਦਾ ਸਮੇਂ ਇੱਕ ਸੂਬੇ ਦਾ ਅਪੰਗਤਾ ਸਰਟੀਫਿਕੇਟ ਦੂਜੇ ਸੂਬਿਆਂ ਵਿੱਚ ਮਾਨਤਾ ਨਹੀਂ ਰੱਖਦਾ ਪਰ ਯੂਡੀਆਈਡੀ ਕਾਰਡ ਪੂਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਹੈ। ਇਹ ਕਾਰਡ ਦਿਵਿਆਂਗ ਵਿਅਕਤੀਆਂ ਨੂੰ ਰੇਲਵੇ ਕਾਊਂਟਰਾਂ ਜਾਂ ਵਿੱਦਿਅਕ ਅਦਾਰਿਆਂ ਵਿੱਚ ਕੋਈ ਲਾਭ ਲੈਣ ਸਮੇਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨਗੇ। ਕਾਰਡ ਦਾ ਇਕ ਵਿਲੱਖਣ ਨੰਬਰ ਹੁੰਦਾ ਹੈ ਜੋ ਸਬੰਧਤ ਅਧਿਕਾਰੀਆਂ ਨੂੰ ਵੇਰਵੇ ਜਾਣਨ ਵਿੱਚ ਸਹਾਇਤਾ ਕਰਦਾ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 4048 ਯੂਡੀਆਈਡੀ ਕਾਰਡ ਬਣਾਏ ਜਾ ਚੁੱਕੇ ਹਨ ਅਤੇ ਵੱਧ ਤੋਂ ਵੱਧ ਦਿਵਿਆਂਗ ਵਿਅਕਤੀਆਂ ਤੱਕ ਪਹੁੰਚ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੈਂਕਾਂ ਤੋਂ ਪੈਨਸ਼ਨਰਾਂ ਦੇ ਵੇਰਵੇ ਮੰਗੇ ਹਨ ਅਤੇ ਸਕੂਲਾਂ ਨੂੰ ਸਰੀਰਕ ਤੌਰ ’ਤੇ ਅਪਾਹਜ ਵਿਦਿਆਰਥੀਆਂ ਦੇ ਯੂਡੀਆਈਡੀ ਕਾਰਡ ਬਣਾਉਣ ਵਿੱਚ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਡੀਸੀ ਨੇ ਕਿਹਾ ਕਿ ਇਸ ਦਿਸ਼ਾ ਵੱਲ ਅੱਗੇ ਵਧਦਿਆਂ 14 ਰੋਜ਼ਾ ਅਪੰਗਤਾ ਮੁਲਾਂਕਣ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਪਹਿਲਾਂ ਮੁਲਾਂਕਣ ਹਫ਼ਤੇ ਵਿੱਚ ਦੋ ਵਾਰ ਕੀਤਾ ਜਾਂਦਾ ਸੀ ਪਰ ਹੁਣ ਇਹ ਕੈਂਪ 12 ਤੋਂ 25 ਅਕਤੂਬਰ ਤੱਕ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲਗਾਏ ਜਾਣਗੇ। ਉਨ੍ਹਾਂ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਂਕਣ ਲਈ ਅੱਗੇ ਆਉਣ ਅਤੇ ਆਪਣਾ ਯੂਡੀਆਈਡੀ ਕਾਰਡ ਬਣਾਉਣ।
ਜ਼ਿਕਰਯੋਗ ਹੈ ਕਿ ਅਪੰਗਤਾ ਨਾਲ ਜੁੜੇ ਅੰਕੜੇ ਡੁਪਲੀਕੇਟ ਨਹੀਂ ਹੁੰਦੇ ਭਾਵ ਇਕੋ ਵਿਅਕਤੀ ਦੀ ਐਂਟਰੀ ਦੋ ਵਾਰ ਨਹੀਂ ਹੁੰਦੀ ਕਿਉਂਕਿ ਕੰਪਿਊਟਰ ਸਿਸਟਮ ਦਿਵਿਆਂਗ ਵਿਅਕਤੀਆਂ ਨਾਲ ਸਬੰਧਤ ਸਾਰੇ ਅੰਕੜਿਆਂ ਦੀ ਵਿਲੱਖਣਤਾ ਨੂੰ ਯਕੀਨੀ ਬਣਾਉਂਦਾ ਹੈ। ਯੂਡੀਆਈਡੀ ਕਾਰਡ ਵਿਅਕਤੀ ਦੀ ਅਪੰਗਤਾ ਦੀ ਦਰ ਦੀ ਪਛਾਣ ਕਰਨਾ ਸੌਖਾ ਬਣਾਉਂਦੇ ਹਨ। 40 ਫੀਸਦੀ ਤੋਂ ਘੱਟ ਅਪਾਹਜਤਾ ਵਾਲੇ ਵਿਅਕਤੀ ਨੂੰ ਚਿੱਟੀ ਪੱਟੀ ਵਾਲਾ ਇੱਕ ਕਾਰਡ ਜਾਰੀ ਹੋਵੇਗਾ ਜਦਕਿ 40 ਤੋਂ 80 ਫੀਸਦੀ ਅਪੰਗਤਾ ਵਾਲੇ ਵਿਅਕਤੀ ਨੂੰ ਪੀਲੀ ਪੱਟੀ ਵਾਲਾ ਕਾਰਡ ਅਤੇ 80 ਫੀਸਦ ਤੋਂ ਵੱਧ ਅਪੰਗਤਾ ਲਈ ਨੀਲੀ ਪੱਟੀ ਵਾਲਾ ਕਾਰਡ ਜਾਰੀ ਹੋਵੇਗਾ। ਦਿਵਿਆਂਗ ਵਿਅਕਤੀ ਡਿਜੀਟਲ ਅਪੰਗਤਾ ਸਰਟੀਫਿਕੇਟ/ਵਿਲੱਖਣ ਆਈਡੀ ਕਾਰਡ ਲਈ ਪੋਰਟਲ ’ਤੇ ਰਜਿਸਟ੍ਰੇਸ਼ਨ ਬਿਨੈ-ਪੱਤਰ ਭਰ ਕੇ ਅਤੇ ਜਮ੍ਹਾ ਕਰਵਾ ਕੇ ਆਨਲਾਈਨ ਬਿਨੈ ਕਰ ਸਕਦੇ ਹਨ। ਆਫਲਾਈਨ ਅਰਜ਼ੀਆਂ ਵੀ ਸਵੀਕਾਰੀਆਂ ਜਾਂਦੀਆਂ ਹਨ। ਇਸ ਸਬੰਧੀ ਰਜਿਸਟ੍ਰੇਸ਼ਨ ਨੇੜਲੇ ਸੇਵਾ ਕੇਂਦਰ, ਸਿਹਤ ਕੇਂਦਰ, ਸਿਵਲ ਸਰਜਨ ਦਫ਼ਤਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਾਂ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਦੇ ਦਫ਼ਤਰ ਵਿਖੇ ਜਾ ਕੇ ਕਰਵਾਈ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…