
ਕਿਰਾਏਦਾਰਾਂ/ਨੌਕਰਾਂ/ਪੇਇੰਗ ਗੈਸਟ ਦੀ ਸੂਚਨਾ ਪੁਲੀਸ ਥਾਣੇ ਵਿੱਚ ਦੇਣ ਦੇ ਹੁਕਮ
ਸਮੂਹ ਐਸਡੀਐਮਜ਼ ਨੂੰ ਤਾਜ਼ਾ ਹੁਕਮਾਂ ਦੀ ਸਖ਼ਤ ਨਾਲ ਇੰਨਬਿੰਨ ਪਾਲਣਾ ਕਰਵਾਉਣ ਲਈ ਕਿਹਾ
ਸਬੰਧਤ ਏਰੀਆ ਦੇ ਐਸਐਚਓ ਦੀ ਨਿੱਜੀ ਤੌਰ ’ਤੇ ਜ਼ਿੰਮੇਵਾਰੀ ਤੈਅ ਕੀਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਈਸ਼ਾ ਕਾਲੀਆ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਆਉਂਦੇ ਮੁਹਾਲੀ ਨਗਰ ਨਿਗਮ, ਸਮੂਹ ਮਿਉਂਸਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਗਰਮਾ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਜੇਕਰ ਕੋਈ ਕਿਰਾਏਦਾਰ/ਨੌਕਰ/ਪੇਇੰਗ ਗੈਸਟ (ਪੀਜੀ) ਰੱਖੇਗਾ ਤਾਂ ਸਬੰਧਤ ਮਕਾਨ ਮਾਲਕ ਲਈ ਉਸ ਬਾਰੇ ਲੋੜੀਂਦੀ ਸੂਚਨਾ ਇੱਕ ਹਫ਼ਤੇ ਦੇ ਅੰਦਰ-ਅੰਦਰ ਪੁਲੀਸ ਥਾਣੇ ਵਿੱਚ ਦੇਣਾ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਬਾਹਰਲੇ ਸੂਬਿਆਂ ਅਤੇ ਦੂਜੇ ਜ਼ਿਲ੍ਹਿਆਂ ਦੇ ਵਿਅਕਤੀ ਕਿਰਾਏ ’ਤੇ ਰਹਿੰਦੇ ਹਨ ਅਤੇ ਨੌਕਰੀ ਕਰਦੇ ਹਨ। ਜਿਨ੍ਹਾਂ ਦੇ ਵੇਰਵੇ ਮੁਹਾਲੀ ਪ੍ਰਸ਼ਾਸਨ ਕੋਲ ਨਹੀਂ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਰੱਖੇ ਹੋਏ ਹਨ ਅਤੇ ਹਾਲੇ ਤੱਕ ਉਸ ਦੀ ਸੂਚਨਾ ਸਬੰਧਤ ਪੁਲੀਸ ਥਾਣੇ ਵਿੱਚ ਨਹੀਂ ਦਿੱਤੀ ਗਈ ਹੈ, ਉਹ ਵੀ ਇਹ ਸੂਚਨਾ ਇਸ ਹੁਕਮ ਦੇ ਜਾਰੀ ਹੋਣ ਦੀ ਮਿਤੀ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਨੇੜਲੇ ਥਾਣੇ ਵਿੱਚ ਜਮ੍ਹਾਂ ਕਰਵਾਉਣ ਲਈ ਪਾਬੰਦ ਹੋਣਗੇ। ਇਹ ਹੁਕਮ 12 ਫਰਵਰੀ 2022 ਤੱਕ ਜ਼ਿਲ੍ਹਾ ਮੁਹਾਲੀ ਦੀ ਹੱਦ ਅੰਦਰ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।
ਸ੍ਰੀਮਤੀ ਈਸ਼ਾ ਕਾਲੀਆ ਨੇ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੀਆਂ ਸਬ ਡਵੀਜ਼ਨਾਂ ਦੇ ਸਬੰਧਤ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਇੰਨ-ਬਿੰਨ ਪਾਲਣਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਕਰਨਗੇ ਅਤੇ ਸਬੰਧਤ ਏਰੀਆ ਦਾ ਮੁੱਖ ਥਾਣਾ ਅਫ਼ਸਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਆਦੇਸ਼ ਦਿੱਤੇ ਹਨ ਕਿ ਬਿਨਾਂ ਸੂਚਨਾ ਤੋਂ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਦੇ ਘਰਾਂ ਦੀ ਚੈਕਿੰਗ ਕਰਦੇ ਸਮੇਂ ਮਹਿਲਾ ਪੁਲੀਸ ਕਰਮਚਾਰੀਆਂ ਨੂੰ ਵੀ ਨਾਲ ਰੱਖਿਆ ਜਾਵੇ।