
ਡਾਕਟਰਾਂ ਨੂੰ ਕੋਵਿਡ ਮਰੀਜ਼ਾਂ ਲਈ ਇੰਜੈੱਕਸ਼ਨ ਟੁਸੀਲਿਜੁਮੈਬ ਦੀ ਥਾਂ ਬਦਲਵੀਂਆਂ ਦਵਾਈਆਂ ਲਿਖਣ ਦੀ ਸਲਾਹ
ਕੋਵਿਡ ਮਰੀਜ਼ਾਂ ਦੀ ਸੰਭਾਲ ਲਈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ 24 ਘੰਟੇ ਤਤਪਰ: ਡੀਸੀ ਗਿਰੀਸ਼ ਦਿਆਲਨ
ਡੀਸੀ ਮੁਹਾਲੀ ਵੱਲੋਂ ਲੋਕਾਂ ਨੂੰ ਸਿਹਤ ਮਾਹਰਾਂ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣਾ ਕਰਨ ਦੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਅੰਦਰ ਲੈਵਲ-2 ਅਤੇ ਲੈਵਲ-3 ਸਿਹਤ ਸੰਭਾਲ ਸਹੂਲਤਾਂ ਵਿੱਚ ਦਾਖ਼ਲ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾ ਰਹੇ ਟੀਕਿਆਂ ਦੀ ਆ ਰਹੀ ਤੋਟ ਦੇ ਮੱਦੇਨਜ਼ਰ ਇਨ੍ਹਾਂ ਦੇ ਬਦਲ ਵਰਤੇ ਜਾਣ ਬਾਰੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ ਤਲਵਾੜ ਵੱਲੋਂ ਦਿੱਤੀ ਸਲਾਹ ਨੂੰ ਧਿਆਨ ਵਿੱਚ ਰੱਖੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮੁਹਾਲੀ ਜ਼ਿਲ੍ਹੇ ਦੇ ਸਮੂਹ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਇਨ੍ਹਾਂ ਟੀਕਿਆਂ ਦੇ ਯੋਗ ਬਦਲ ਵਰਤੇ ਜਾਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ ਤੋਂ ਬਚਣ ਲਈ ਸਿਹਤ ਮਾਹਰਾਂ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣਾਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ 24 ਘੰਟੇ ਤਤਪਰ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਵੱਖ-ਵੱਖ ਟੀਕਿਆਂ ਅਤੇ ਦਵਾਈਆਂ ਦੀ ਚੋਣ ਕਰਨ ਸਬੰਧੀ ਫੈਸਲਾ ਡਾਕਟਰਾਂ ’ਤੇ ਛੱਡਿਆ ਜਾਵੇ। ਇਸ ਲਈ ਆਮ ਲੋਕ ਆਪਣੇ ਸਕੇ ਸਬੰਧੀਆਂ ਦੇ ਇਲਾਜ ਲਈ ਸੰਭਾਵੀ ਤੌਰ ’ਤੇ ਵਰਤਣ ਲਈ ਟੁਸੀਲਿਜੁਮੇਬ ਟੀਕਿਆਂ ਦੀ ਕਿਸੇ ਵੀ ਤਰ੍ਹਾਂ ਦੀ ਹੋੜ ਵਿੱਚ ਨਾ ਆਉਣ।
ਡੀਸੀ ਨੇ ਸਿਹਤ ਵਿਭਾਗ ਦੇ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਇੰਜੈਕਸ਼ਨ ਟੁਸੀਲਿਜੁਮੇਬ ਦੇਸ਼ ਵਿੱਚ ਨਾ ਬਣਦਾ ਹੋਣ ਕਾਰਨ, ਦੇਸ਼ ਵਿੱਚ ਇਸ ਦੀ ਉਪਲਬਧਤਾ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਸਿਹਤ ਮਾਹਰਾਂ ਦੇ ਡਾਕਟਰ ਕੇ.ਕੇ. ਤਲਵਾੜ ਦੀ ਅਗਵਾਈ ਹੇਠਲੇ ਗਰੁੱਪ ਵੱਲੋਂ ਵੀ ਉਕਤ ਟੀਕੇ ਦੀ ਆਸਾਨੀ ਨਾਲ ਉਪਲਬਧਤਾ ਨਾ ਹੋਣ ਦੀ ਸੂਰਤ ਵਿੱਚ ਉਸੇ ਤਰ੍ਹਾਂ ਦੇ ਅਸਰ ਵਾਲੇ ਮਾਰਕੀਟ ਵਿੱਚ ਮੌਜੂਦ ਇੰਜੈਕਸ਼ਨ ਇਟੋਲੀਜੁਮੈਬ ਜਾਂ ਇੰਜੈਕਸ਼ਨ ਡੈਕਸਾਮਿਥਾਸੋਨ ਦੀ ਹੰਗਾਮੀ ਹਾਲਤ ਵਿੱਚ ਬਹੁਤ ਹੀ ਗੰਭੀਰ ਮਰੀਜ਼ਾਂ ਲਈ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ।