
ਐਂਬੂਲੈਂਸਾਂ ਦੀ ਘਾਟ ਕਾਰਨ ਡਾਕਟਰਾਂ ਤੇ ਸਹਾਇਕ ਅਮਲੇ ਨੂੰ ਕਰਨਾ ਪੈ ਰਿਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ: ਬੀਰਦਵਿੰਦਰ ਸਿੰਘ
ਮੁਹਾਲੀ ਜ਼ਿਲ੍ਹੇ ਵਿੱਚ ਦਿਨ ਪ੍ਰਤੀ ਦਿਨ ਸਿਹਤ ਸਹੂਲਤਾਂ ਦੇ ਪ੍ਰਬੰਧ ਬਦਤਰ ਹੋਣ ਦਾ ਦੋਸ਼, ਮੰਤਰੀ ਬੇਖ਼ਬਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਦੇ ਪ੍ਰਬੰਧ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ। ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਐਂਬੂਲੈਂਸਾਂ ਦੀ ਘਾਟ ਕਾਰਨ ਡਾਕਟਰਾਂ ਅਤੇ ਸਹਾਇਕ ਅਮਲੇ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੰਤੂ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਬਿਲਕੁਲ ਬੇਖ਼ਬਰ ਹਨ।
ਸ੍ਰੀ ਬੀਰਦਵਿੰਦਰ ਸਿੰਘ ਨੇ ਲਿਖਤੀ ਬਿਆਨ ਵਿੱਚ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਘੜੂੰਆਂ ਵਿੱਚ ਇੱਕ ਵੀ ਐਂਬੂਲੈਂਸ ਨਹੀਂ ਜਦੋਂਕਿ ਘੜੂੰਆਂ ਖੇਤਰ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਹੈ। ਉਨ੍ਹਾਂ ਭਰੋਸੇਯੋਗ ਵਸੀਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਦੋ ਨਵੀਆਂ ਐਂਬੂਲੈਂਸਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡਿਊਟੀ ’ਤੇ ਹਨ। ਇਨ੍ਹਾਂ ’ਚੋਂ ਇੱਕ ਤਾਂ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਅਤੇ ਦੂਜੀ ਗੈਰ ਸਰਕਾਰੀ ਨਿਵਾਸ ਸਥਾਨ, ਸਾਰਾਗੜ੍ਹੀ ਫਾਰਮ ਸਿਸਵਾਂ ਅੱਗੇ ਖੜ੍ਹੀ ਰਹਿੰਦੀ ਹੈ। ਦੋਵੇਂ ਐਂਬੂਲੈਂਸਾਂ ਲਈ ਚਾਰ ਡਰਾਈਵਰ ਤਾਇਨਾਤ ਕੀਤੇ ਹੋਏ ਹਨ ਜਦੋਂਕਿ ਘੜੂੰਆਂ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਡਰਾਈਵਰ ਅਤੇ ਐਂਬੂਲੈਂਸ ਦੀ ਕੋਈ ਵਿਵਸਥਾ ਨਹੀਂ ਹੈ। ਈਐਸਆਈ ਜ਼ੋਨਲ ਹਸਪਤਾਲ ਦਾ ਵੀ ਅਜਿਹਾ ਹਾਲ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਗੁਹਾਰ ਲਗਾਈ ਕਿ ਕਰੋਨਾ ਮਹਾਮਾਰੀ ਦੇ ਦੁਖਾਂਤ ਪ੍ਰਤੀ ਢੁਕਵਾਂ ਰਵੱਈਏ ਅਪਣਾਉਂਦੇ ਹੋਏ ਘੱਟੋ-ਘੱਟ ਇੱਕ ਐਂਬੂਲੈਂਸ ਵਾਪਸ ਕੀਤੀ ਜਾਵੇ ਤਾਂ ਜੋ ਉਸ ਨੂੰ ਮਰੀਜ਼ਾਂ ਦੀ ਭਲਾਈ ਲਈ ਵਰਤਿਆ ਜਾ ਸਕੇ।
ਉਨ੍ਹਾਂ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਮੌਜੂਦਾ ਸਮੇਂ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ 7 ਹਜ਼ਾਰ ਤੋਂ ਵੱਧ ਪਾਜ਼ੇਟਿਵ ਕੇਸ ਹਨ ਅਤੇ ਹੁਣ ਤੱਕ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮੁਹਾਲੀ, ਖਰੜ, ਘੜੂੰਆਂ ਅਤੇ ਢਕੋਲੀ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ ਅਤੇ ਇਨ੍ਹਾਂ ਇਲਾਕਿਆਂ ਵਿੱਚ ਆਬਾਦੀ ਵੀ ਸਭ ਤੋਂ ਜ਼ਿਆਦਾ ਹੈ। ਇਸ ਇਲਾਕੇ ਦੀ ਸਾਰੀ ਵਸੋਂ ਨੂੰ ਹੁਣ ਸੀਮਿਤ ਬੰਦਸ਼ਾਂ ਵਿੱਚ ਰਹਿਣਾ ਪੈ ਰਿਹਾ ਹੈ ਅਤੇ ਜੀਵਨ ਬਚਾਊ ਅੌਸ਼ਦੀਆਂ ਦੀ ਵੱਡੀ ਪੱਧਰ ’ਤੇ ਕਥਿਤ ਬਲੈਕ ਹੋ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਜ਼ੇਰੇ ਇਲਾਜ਼ ਮਰੀਜ਼ਾਂ ਸ਼ਰੇਆਮ ਲੁੱਟ ਹੋ ਰਹੀ ਹੈ।
ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਬਿਆਨਬਾਜ਼ੀ ਛੱਡ ਕੇ, ਖ਼ੁਦ ਆਪ ਮੁਹਾਲੀ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਅਤੇ ਸਿਹਤ ਕੇਂਦਰਾ ਦਾ ਦੌਰਾ ਕਰਨ ਅਤੇ ਮੌਕੇ ਉੱਤੇ ਜਾ ਕੇ, ਕੋਵਿਡ ਮਹਾਮਾਰੀ ਦੀ ਭਿਆਨਕਤਾ ਨਾਲ, ਫਰੰਟ ’ਤੇ ਜੂਝ ਰਹੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਸਹਾਇਕ ਅਮਲੇ ਨਾਲ ਜਾ ਕੇ, ਹਰ ਕਿਸਮ ਦੇ ਬੰਦੋਬਸਤ ਸਬੰਧੀ, ਸਥਿਤੀ ਦਾ ਜਾਇਜ਼ਾ ਵੀ ਲੈਣ ਵਿਭਾਗੀ ਅਮਲੇ ਦੀ ਹੌਸਲਾ-ਅਫ਼ਜ਼ਾਈ ਵੀ ਕਰਨ ਅਤੇ ਜੋ ਵੀ ਘਾਟ-ਵਾਧ, ੳਨ੍ਹਾਂ ਦੇ ਸਾਹਮਣੇ ਆਊਂਦੀ ਹੈ ਉਸ ਨੂੰ ਫੌਰੀ ਤੌਰ ’ਤੇ ਦੂਰ ਕਰਨ। ਇਹ ਜ਼ਰੂਰੀ ਹੈ ਕਿ ਸਿਹਤ ਵਿਭਾਗ ਵਿੱਚ ਜੋ ਵੀ ਐਂਬੂਲੈਂਸਾਂ ਖਰਾਬ ਹਨ ਜਾ ਡਰਾਈਵਰਾਂ ਦੀ ਘਾਟ ਕਾਰਨ ਬੇਕਾਰ ਖੜ੍ਹੀਆਂ ਹਨ ਉਨ੍ਹਾਂ ਦੀ ਫੌਰੀ ਤੌਰ ਤੇ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਬਰੂਏ ਕਾਰ ਲਿਆਂਦਾ ਜਾਵੇ।