ਐਨਪੀਏ ਦੇ ਮੁੱਦੇ ’ਤੇ ਡਾਕਟਰਾਂ ਦੀ ਤਿੰਨ ਰੋਜ਼ਾ ਹੜਤਾਲ ਨੂੰ ਪਹਿਲੇ ਦਿਨ ਮਿਲਿਆ ਭਰਵਾਂ ਹੁੰਗਾਰਾ

ਡਾਕਟਰਾਂ ਦੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਸਿਹਤ ਤੇ ਵੈਟਰਨਰੀ ਡਾਕਟਰਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ

ਸਰਕਾਰੀ ਮੈਡੀਕਲ ਤੇ ਵੈਟਰਨਰੀ ਸੇਵਾਵਾਂ ਠੱਪ ਕਰਕੇ ਡਾਕਟਰਾਂ ਨੇ ਸਰਕਾਰ ਵਿਰੱੁਧ ਰੋਸ ਪ੍ਰਗਟਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਐਨਪੀਏ ਦੇ ਮੁੱਦੇ ’ਤੇ ਸਰਕਾਰ ਦੀ ਟਾਲ ਮਟੋਲ ਨੀਤੀ ਤੋਂ ਸਖ਼ਤ ਖ਼ਫ਼ਾ ਸੰਯੁਕਤ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਸੋਮਵਾਰ ਨੂੰ ਪੰਜਾਬ ਭਰ ਵਿੱਚ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਤਿੰਨ ਰੋਜ਼ਾ ਹੜਤਾਲ ਸ਼ੁਰੂ ਕੀਤੀ ਗਈ। ਅੱਜ ਪਹਿਲੇ ਦਿਨ ਮੁਹਾਲੀ ਸਮੇਤ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਮੈਡੀਕਲ ਅਤੇ ਵੈਟਰਨਰੀ ਹਸਪਤਾਲਾਂ ਵਿੱਚ ਓਪੀਡੀ ਬੰਦ ਰੱਖ ਕੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ। ਉਂਜ ਹੜਤਾਲ ਦੌਰਾਨ ਡਾਕਟਰਾਂ ਨੇ ਇਨਸਾਨੀਅਤ ਦੇ ਨਾਤੇ ਐਮਰਜੈਂਸੀ, ਵੈਟਰੋ ਲੀਗਲ ਅਤੇ ਕੋਵਿਡ ਡਿਊਟੀ ਕੀਤੀ ਗਈ। ਮੀਡੀਆ ਇੰਚਾਰਜ ਡਾ. ਸਰਬਦੀਪ ਸਿੰਘ ਨੇ ਦੱਸਿਆ ਕਿ ਰੋਹ ਵਿੱਚ ਆਏ ਡਾਕਟਰਾਂ ਨੇ ਸਰਕਾਰ ਵਿਰੁੱਧ ਰੋਸ ਵਿਖਾਵਾ ਕਰਦਿਆਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਕਾਪੀਆਂ ਸਾੜ ਕੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੀਸੀਐਮਐਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗਗਨਦੀਪ ਸਿੰਘ, ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਡਾ. ਗਗਨਦੀਪ ਸਿੰਘ ਸ਼ੇਰਗਿੱਲ, ਡੈਂਟਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਵਨਪ੍ਰੀਤ ਕੌਰ, ਆਯੁਰਵੈਦਿਕ ਤੋਂ ਡਾ. ਸੰਜੀਵ ਪਾਠਕ, ਹੋਮਿਓਪੈਥੀ ਤੋਂ ਡਾ. ਬਲਵਿੰਦਰ ਸਿੰਘ, ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਤੋਂ ਡਾ. ਦੀਪਇੰਦਰ ਸਿੰਘ ਨੇ ਇਕਸੁਰ ਵਿੱਚ ਬੋਲਦਿਆਂ ਸਰਕਾਰ ਦੇ ਡਾਕਟਰਾਂ ਪ੍ਰਤੀ ਢਿੱਲੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਡਾਕਟਰਾਂ ਨੇ ਆਪਣੀ ਜੋਖ਼ਮ ਵਿੱਚ ਪਾ ਕੇ ਡਿਊਟੀ ਕੀਤੀ ਹੈ ਪ੍ਰੰਤੂ ਹੁਣ ਸਰਕਾਰ ਨੇ ਕਰੋਨਾ ਯੋਧਿਆਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਬਜਾਏ ਐਨਪੀਏ ਤਹਿਤ ਡਾਕਟਰਾਂ ਦੀਆਂ ਤਨਖ਼ਾਹਾਂ ਘਟਾ ਕੇ ਉਨ੍ਹਾਂ ਨੂੰ ਕਰੋਨਾ ਡਿਊਟੀ ਦਾ ਤੋਹਫ਼ਾ ਦਿੱਤਾ ਹੈ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡਾਕਟਰਾਂ ਦੇ ਐੱਨਪੀਏ ਦੇ ਮਸਲੇ ਦਾ ਹੱਲ ਤੁਰੰਤ ਨਹੀਂ ਕੀਤਾ ਗਿਆ ਤਾਂ ਪੰਜਾਬ ਦੇ ਸਮੁੱਚੇ ਮੈਡੀਕਲ ਅਤੇ ਵੈਟਰਨਰੀ ਡਾਕਟਰ ਅਣਮਿਥੇ ਸਮੇਂ ਦੀ ਹੜਤਾਲ ਕਰਕੇ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ। ਤਾਲਮੇਲ ਕਮੇਟੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਐੱਨਪੀਏ ਦੇ ਮਸਲੇ ਦਾ ਤੁਰੰਤ ਹੱਲ ਕਰਨ।

ਸੰਯੁਕਤ ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਐਨਪੀਏ ਅੰਦੋਲਨ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਬਚਾਉਣ ਲਈ ਹੈ। ਉਹ ਸਰਕਾਰ ਦੇ ਹਰ ਉਸ ਕਦਮ ਦਾ ਵਿਰੋਧ ਕਰਨਗੇ ਜੋ ਇਸ ਨੂੰ ਨਸ਼ਟ ਕਰਨ ਲਈ ਨਿਰਦੇਸ਼ਿਤ ਹੈ। ਰਾਜ ਦੇ ਡਾਕਟਰ ਸਿਹਤ ਅਤੇ ਵੈਟਰਨਰੀ ਸੇਵਾਵਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੇ ਸਨ ਪਰ ਸਰਕਾਰ ਐਨਪੀਏ ਦੇ ਮੁੱਦੇ ਨੂੰ ਸੁਲਝਾਉਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਆਪਣਾ ਰਹੀ ਹੈ। ਜਿਸ ਕਾਰਨ ਡਾਕਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਛੇਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿੱਚ ਵੈਟਰਨਰੀ, ਮੈਡੀਕਲ, ਡੈਂਟਲ, ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਨੂੰ ਮਿਲਦਾ ਨਾਨ ਪ੍ਰੈਕਟਾਈਜਿੰਗ ਭੱਤਾ ਘਟਾ ਕੇ 25 ਤੋਂ 20 ਪ੍ਰਤੀਸ਼ਤ ਕਰਦਿਆਂ ਇਸ ਨੂੰ ਬੇਸਿਕ ਪੇਅ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ ਜਿਸ ਦਾ ਸਾਰੇ ਵਰਗ ਦੇ ਸਰਕਾਰੀ ਡਾਕਟਰਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Business

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …