nabaz-e-punjab.com

ਕਰੋਨਾ ਪੀੜਤ ਮਰੀਜ਼ਾਂ ਨੂੰ ਮਨਪਸੰਦ ਐਲ-3 ਹਸਪਤਾਲ ਵਿੱਚ ਰੈਫ਼ਰ ਕਰਨ ਲਈ ਡਾਕਟਰਾਂ ’ਤੇ ਦਬਾਅ ਵਧਣ ਲੱਗਾ

ਇਕ ਐਲ-3 ਤੋਂ ਦੂਜੇ ਐਲ-3 ਹਸਪਤਾਲ ਵਿੱਚ ਰੈਫ਼ਰ ਕਾਰਨ ਦੀਆਂ ਬੇਲੋੜੀਆਂ ਪ੍ਰਤੀ ਬੇਨਤੀਆਂ ਤੋਂ ਗੁਰੇਜ਼ ਕੀਤਾ ਜਾਵੇ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਵਧਣ ਦੇ ਨਾਲ-ਨਾਲ ਹੁਣ ਡਾਕਟਰਾਂ ਉੱਤੇ ਕਰੋਨਾ ਪੀੜਤ ਮਰੀਜ਼ਾਂ ਨੂੰ ਮਨਪਸੰਦ ਐਲ-3 ਹਸਪਤਾਲਾਂ ਵਿੱਚ ਰੈਫ਼ਰ ਕਰਨ ਦਾ ਦਬਾਅ ਵੀ ਵਧਣਾ ਸ਼ੁਰੂ ਹੋ ਗਿਆ ਹੈ। ਜਿਸ ਦਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਸਪੱਸ਼ਟ ਆਖਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਐਲ-3 ਸਹੂਲਤਾਂ ਦਰਮਿਆਨ ਰੈਫਰਲ ਨੂੰ ਸਖ਼ਤੀ ਨਾਲ ਵਰਜਿਆ ਜਾਵੇਗਾ ਜਦੋਂ ਤੱਕ ਕਿ ਇਲਾਜ ਕਰਨ ਵਾਲੇ ਡਾਕਟਰ ਵੱਲੋਂ ਲਿਖਤੀ ਰੂਪ ਵਿੱਚ ਕੋਈ ਠੋਸ ਕਾਰਨ ਨਾ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਕਟਰਾਂ ਉੱਤੇ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਆਪਣੇ ਮਰੀਜ਼ ਨੂੰ ਇਕ ਐਲ-3 ਤੋਂ ਆਪਣੀ ਮਨਪਸੰਦ ਦੇ ਦੂਜੇ ਐਲ-3 ਹਸਪਤਾਲ ਵਿੱਚ ਰੈਫ਼ਰ ਕਰਨ ਲਈ ਜੋਰ ਪਾ ਰਹੇ ਹਨ, ਜੋ ਸਰਾਸਰ ਗਲਤ ਹੈ। ਅਜਿਹਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਸੀਨੀਅਰ ਡਾਕਟਰ ਲਿਖਤੀ ਰੂਪ ਵਿੱਚ ਕੋਈ ਠੋਸ ਕਾਰਨ ਦੱਸੇਗਾ।
ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ ਗੰਭੀਰ ਦੇਖਭਾਲ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਿਸਥਾਰਤ ਪ੍ਰੋਟੋਕਾਲ ਜਾਰੀ ਕੀਤੇ ਹਨ ਅਤੇ ਅਪਣਾਈ ਜਾਣ ਵਾਲੀ ਪ੍ਰਕਿਰਿਆ ਸਾਰੀਆਂ ਐਲ-3 ਸਹੂਲਤਾਂ ਵਿੱਚ ਇਕ ਸਮਾਨ ਹੈ। ਇਸ ਲਈ ਬਿਨਾਂ ਕਿਸੇ ਕਾਰਨ ਗੰਭੀਰ ਸਿਹਤ ਸੰਭਾਲ ਸਹੂਲਤ ਨੂੰ ਬਦਲਣਾ ਹਸਪਤਾਲਾਂ ’ਤੇ ਅਣਚਾਹੇ ਦਬਾਅ ਨੂੰ ਵਧਾਏਗੀ ਅਤੇ ਮਰੀਜ਼ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਸਕਦੀ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਪੰਜਾਬ ਅਤੇ ਦੂਜੇ ਸੂਬਿਆਂ ਤੋਂ ਮੁਹਾਲੀ ਵਿੱਚ ਇਲਾਜ ਕਰਵਾਉਣ ਵਾਲੇ ਕੋਵਿਡ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਲਈ ਉਪਲਬਧ ਸਰੋਤਾਂ ਨੂੰ ਅਨੁਕੂਲ ਬਣਾਉਣ ਦੀ ਸਖ਼ਤ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਧ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਅਤੇ ਕੋਵਿਡ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਤਰਜੀਹੀ/ਮਨਪਸੰਦ ਐਲ-3 ਸਹੂਲਤਾਂ ਵਿੱਚ ਰੈਫ਼ਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੀੜਤ ਮਰੀਜ਼ਾਂ ਨੂੰ ਸਾਰੇ ਸਰੋਤ ਉਪਲਬਧਤਾ ਅਨੁਸਾਰ ਮੁਹੱਈਆ ਕਰਵਾਏ ਜਾਣਗੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …