Share on Facebook Share on Twitter Share on Google+ Share on Pinterest Share on Linkedin ਹਿੰਦੀ ਫਿਲਮ ਪਦਮਾਵਤੀ ’ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ: ਕੈਪਟਨ ਅਮਰਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਨਵੰਬਰ: ਫਿਲਮ ‘ਪਦਮਾਵਤੀ’ ’ਤੇ ਪਾਬੰਦੀ ਦੇ ਸੁਝਾਵਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਕੁਝ ਸਵਾਰਥੀ ਹਿੱਤਾਂ ਨੇ ਇਸ ਮੁੱਦੇ ’ਤੇ ਉਨ੍ਹਾਂ ਦੇ ਬਿਆਨ ਦੀ ਗਲਤ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਚੱਲ ਰਹੀ ਚਰਚਾ ਦੇ ਸਬੰਧ ’ਚ ਸੰਜਮ ਵਰਤੇ ਜਾਣ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਫਿਲਮ ’ਤੇ ਪਾਬੰਦੀ ਦੀ ਹਮਾਇਤ ਕੀਤੀ ਸੀ ਅਤੇ ਨਾ ਹੀ ਪਦਮਾਵਤੀ ਦੇ ਐਕਟਰਾਂ ਅਤੇ ਹੋਰ ਮੈਂਬਰਾਂ ਨੂੰ ਧਮਕਾਉਣ ਵਾਲਿਆਂ ਦੀ ਹਮਾਇਤ ਕੀਤੀ ਸੀ। ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਫਿਲਮ ਦੇ ਅਭਿਨੇਤਾਵਾਂ ਅਤੇ ਡਾਇਰੈਕਟਰਾਂ ਨੂੰ ਕੁਝ ਕੱਟੜ ਤੱਤਾਂ ਵੱਲੋਂ ਧਕਮੀਆਂ ਦੇਣ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹਨ ਪਰ ਉਨ੍ਹਾਂ ਨੇ ਦੁਹਰਾਇਆ ਕਿ ਇਤਿਹਾਸਕ ਤੱਥਾਂ ’ਚ ਤੋੜ-ਭੰਨ ਕਰਨ ਕਰਕੇ ਜੇ ਕਿਸੇ ਨੂੰ ਦੁੱਖ ਹੋਇਆ ਹੈ ਤਾਂ ਉਸ ਨੂੰ ਸ਼ਾਂਤੀਪੂਰਨ ਅੰਦੋਲਨ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਧਮਕੀਆਂ ਅਤੇ ਰੋਸ ਵਿਚ ਇਕ ਫਰਕ ਕੀਤੇ ਜਾਣ ਦੀ ਲੋੜ ਹੈ। ਕੈਪਟਨ ਅਮਰਿੰਦਰ ਨੇ ਕਿਹਾ, ‘‘ਮੈਂ ਫਿਲਮ ’ਤੇ ਪਾਬੰਦੀ ਦੀ ਕਿਸ ਤਰ੍ਹਾਂ ਮੰਗ ਜਾਂ ਸਮਰਥਨ ਕਰ ਸਕਦਾ ਹਾਂ ਜਦਕਿ ਮੈਂ ਇਹ ਫਿਲਮ ਦੇਖੀ ਹੀ ਨਹੀਂ ਹੈ’’। ਉਨ੍ਹਾਂ ਨੇ ਆਪਣੇ ਬਿਆਨ ਵਿਚੋਂ ਇਹ ਸਿੱਟਾ ਕੱਢੇ ਜਾਣ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਜੇ ਇਤਿਹਾਸ ਨੂੰ ਤੋੜਣ ਮਰੋੜਣ ਦੀ ਕੋਈ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਵਿਰੁੱਧ ਵਿਰੋਧ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਇਕ ਸੱਭਿਅਕ ਅਤੇ ਜਮਹੂਰੀ ਸਮਾਜ ਵਿਚ ਸ਼ਾਂਤੀਪੂਰਨ ਵਿਰੋਧ ਕਰਨ ਦੇ ਅਧਿਕਾਰ ਨਾਲ ਕੋਈ ਵੀ ਅਸਹਿਮਤੀ ਨਹੀਂ ਪ੍ਰਗਟ ਕਰ ਸਕਦਾ ਅਤੇ ਨਾ ਹੀ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕਿਸੇ ਨਾਲ ਅਸਹਿਮਤ ਹੋਣ ਕਰਕੇ ਉਸ ਨੂੰ ਧਮਕੀਆਂ ਦੇਣ ਦਾ ਅਧਿਕਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਲੋਕਾਂ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਨ ਜੋ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਦੇ ਵਿਰੁੱਧ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਇਸ ਦੀ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟੇ ਜਾਣ ਦੀ ਜਰੂਰਤ ਹੈ। ਸੋਮਵਾਰ ਨੂੰ ਆਪਣੇ ਬਿਆਨ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਇੱਕ ਫੌਜੀ ਇਤਿਹਾਸਕਾਰ ਹੋਣ ਦੇ ਨਾਤੇ, ਜਿਸ ਨੇ ਇਤਿਹਾਸ ਦਾ ਅਧਿਐਨ ਕੀਤਾ ਹੈ ਅਤੇ ਚਿਤੌੜ ਵੀ ਗਿਆ ਹੈ, ਉਨ੍ਹਾਂ ਦੇ ਵਾਸਤੇ ਇਤਿਹਾਸਕ ਤੱਥਾਂ ਨੂੰ ਤੋੜਣ-ਮਰੋੜਣ ਦੀ ਗੱਲ ਅਸਵੀਕਾਰਨਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਨੇਮੈਟਿਕ ਲਾਇਸੈਂਸ ਨੇ ਕਿਸੇ ਨੂੰ ਇਤਿਹਾਸਕ ਤੱਥ ਬਦਲਣ ਦਾ ਹੱਕ ਨਹੀਂ ਦਿਤਾ ਹੈ ਅਤੇ ਕਿਹਾ ਕਿ ਜਮਹੂਰੀ ਪ੍ਰਣਾਲੀ ਵਿੱਚ ਰੋਸ ਪੂਰੀ ਤਰ੍ਹਾਂ ਜਾਇਜ਼ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ