
ਪਿੰਡ ਧਿਆਨਪੁਰਾ ਵਿੱਚ ਕੱੁਤਿਆਂ ਦੀਆਂ ਦੌੜਾਂ ਕਰਵਾਈਆਂ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਨਵੰਬਰ:
ਇੱਥੋਂ ਦੇ ਨੇੜਲੇ ਪਿੰਡ ਧਿਆਨਪੁਰਾ ਵਿੱਚ ਸ਼ੇਰੇ ਪੰਜਾਬ ਯੂਥ ਕਲੱਬ ਤੇ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿਕਸ ਕੁੱਤਿਆਂ ਦੀਆਂ ਦੌੜਾਂ ਦਾ ਟੂਰਨਾਮੈਂਟ ਕਰਵਾਇਆ ਗਿਆ । ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਦੋੜਾਂ ਵਿਚ 116 ਕੁੱਤਿਆਂ ਨੇ ਭਾਗ ਲਿਆ ਅਤੇ ਪਹਿਲੇ 12 ਨੰਬਰਾਂ ’ਤੇ ਰਹਿਣ ਵਾਲੇ ਜਾਨਵਰਾਂ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ ਗਿਆ । ਇਨਾਂ ਕੁਤਿਆਂ ਦੀਆਂ ਦੋੜਾਂ ਦਾ ਉਦਘਾਟਨ ਜੋਤ ਫਤਿਹਪੁਰ ਜੱਟਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਤੇ ਇਨਾਮ ਵੰਡ ਸਮਾਰੋਹ ਵਿੱਚ ਉੱਘੇ ਸਮਾਜ ਸੇਵੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਜੈਲਦਾਰ ਚੈੜੀਆਂ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੋਟੇ ’ਚੋਂ ਪਿੰਡ ਦੀ ਸ਼ਮਸ਼ਾਨਘਾਟ ਲਈ ਵਿਸ਼ੇਸ਼ ਗਰਾਂਟ ਦੇਣ ਦਾ ਐਲਾਨ ਕੀਤਾ। ਇਨ੍ਹਾਂ ਦੌੜਾਂ ਵਿੱਚ ਪਹਿਲੇ ਨੰਬਰ ’ਤੇ ਜੀਰਾ ਗਰੁੱਪ ਦਾ 7 ਸਟਾਰ ਕਾਲਾ ਡੱਬਾ ਰਿਹਾ ਤੇ ਇਸ ਦੇ ਮਾਲਿਕਾਂ ਨੀਟਾ ਖੇੜੀ ਦਵਿੰਦਰ ਆਨੰਦਪੁਰ ਕਲੌੜ ਨੂੰ 21 ਹਜ਼ਾਰ ਰੁਪਏ ਨਗਦ ਇਨਾਮ, ਦੂਸਰੇ ਨੰਬਰ ਕੁੱਤੀ ਡੋਲੀ ਕਾਲੀ ਡੱਬੀ ਰਹੀ ਤੇ ਇਸ ਦੇ ਮਾਲਿਕ ਤੇ ਗਿਨੀ ਝੱਲੀਆਂ ਨੂੰ 15 ਹਜ਼ਾਰ ਰੁਪਏ ਨਗਦ ਇਨਾਮ ਅਤੇ ਤੀਜੇ ਨੰਬਰ ’ਤੇ ਸ਼ੇਰੇ ਪੰਜਾਬ ਗਰੁੱਪ ਦਾ ਲੀਓ ਕਾਲਾ ਡੱਬਾ ਕੁੱਤਾ ਰਿਹਾ ਤੇ ਇਸ ਦੇ ਮਾਲਿਕ ਪਹਿਲਵਾਨ ਬੁਧ ਸਿੰਘ ਪੁਲੇਤਾ ਨੂੰ 11 ਹਜ਼ਾਰ ਰੁਪਏ ਨਗਦ ਇਨਾਮ ਦਿੱਤੇ ਗਏ ਅਤੇ ਇਨ੍ਹਾਂ ਨਗਦ ਇਨਾਮਾਂ ਤੋਂ ਇਲਾਵਾ ਇੱਕ ਇੱਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਜੇਤੂ ਕੁੱਤਿਆਂ ਤੋਂ ਇਲਾਵਾ ਪਹਿਲੇ 12 ਨੰਬਰਾਂ ਤੱਕ ਰਹਿਣ ਵਾਲੇ ਕੁੱਤਿਆਂ ਦੇ ਮਾਲਿਕਾਂ ਨੂੰ ਵੀ ਨਗਦ ਇਨਾਮ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਇੰਓਂਦ, ਅਰਸ਼ ਮੋਰਿੰਡਾ, ਅਵਤਾਰ ਸਿੰਘ ਸਰਪੰਚ, ਭਗਤ ਸਿੰਘ ਪੰਚ, ਕੇਸਰ ਸਿੰਘ ਪੰਚ, ਗੁਰਮੀਤ ਸਿੰਘ, ਤਰਲੋਚਨ ਸਿੰਘ, ਕੁਲਵੀਰ ਸਿੰਘ ਜੱਗੀ, ਓਂਕਾਰ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਕੇਸਰ ਸਿੰਘ, ਜੰਗ ਸਿੰਘ ਆਦਿ ਹਾਜ਼ਿਰ ਸਨ।