nabaz-e-punjab.com

ਡਾਕਟਰ ਫੈਮਿਲੀ ਵੱਲੋਂ ਘਰੇਲੂ ਨੌਕਰਾਣੀ ’ਤੇ ਨਗਦੀ ਤੇ ਗਹਿਣੇ ਚੋਰੀ ਕਰਨ ਦਾ ਦੋਸ਼

ਐਸਜੀਪੀਸੀ ਮੈਂਬਰ ਬੀਬੀ ਲਾਂਡਰਾਂ ਨੇ ਪੁਲੀਸ ’ਤੇ ਨਾਬਾਲਗ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ

ਅਕਾਲੀ ਦਲ (ਬ) ਵੱਲੋਂ ਪੁਲੀਸ ਵਧੀਕੀਆਂ ਖ਼ਿਲਾਫ਼ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦੇਣ ਦੀ ਧਮਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਇੱਥੋਂ ਦੇ ਫੇਜ਼-6 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਡਾਕਟਰ ਪਤੀ ਪਤਨੀ ਨੇ ਆਪਣੀ ਘਰੇਲੂ ਨੌਕਰਾਣੀ ’ਤੇ ਹਜ਼ਾਰਾਂ ਦੀ ਨਗਦੀ ਅਤੇ ਗਹਿਣੇ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰੰਤੂ ਅਜੇ ਤਾਈਂ ਚੋਰਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਉਧਰ, ਮੁਹਾਲੀ ਪੁਲੀਸ ’ਤੇ ਮਾਮਲੇ ਦੀ ਜਾਂਚ ਦੌਰਾਨ ਨਾਬਾਲਗ ਘਰੇਲੂ ਨੌਕਰਾਣੀ ਨੂੰ ਥਾਣੇ ਸੱਦ ਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਥਾਣਾ ਮੁਖੀ ਲਖਵਿੰਦਰ ਸਿੰਘ ਨੌਕਰਾਣੀ ਤੋਂ ਪੁੱਛਗਿੱਛ ਨੂੰ ਜਾਂਚ ਦਾ ਹਿੱਸਾ ਦੱਸ ਰਹੇ ਹਨ ਪ੍ਰੰਤੂ ਦੂਜੇ ਪਾਸੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਦਲਿਤ ਵਰਗ ਦੀ ਨਾਬਾਲਗ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਬੀਬੀ ਲਾਂਡਰਾਂ ਨੇ ਕਿਹਾ ਕਿ ਮੁਹਾਲੀ ਪੁਲੀਸ ਸ਼ਰੇਆਮ ਜੁਵੇਲਾਈਨ ਐਕਟ ਦੀਆਂ ਧੱਜੀਆਂ ਉੱਡਾ ਰਹੀ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਡਾਕਟਰ ਦੇ ਘਰ ਨਗਦੀ ਅਤੇ ਗਹਿਣਿਆਂ ਦੀ ਚੋਰੀ ਹੋਈ ਹੈ ਤਾਂ ਪੁਲੀਸ ਨੂੰ ਤੱਥਾਂ ਦੀ ਜਾਂਚ ਕਰਨ ਦਾ ਪੂਰਾ ਹੱਕ ਹੈ ਪ੍ਰੰਤੂ ਜਾਂਚ ਪ੍ਰਕਿਰਿਆ ਦੌਰਾਨ ਪੁਲੀਸ ਨੂੰ ਜੁਵੇਲਾਈਨ ਐਕਟ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵਰਦੀ ਵਿੱਚ ਬੱਚਿਆਂ ਤੋਂ ਪੁੱਛਗਿੱਛ ਨਹੀਂ ਕਰ ਸਕਦੀ ਹੈ ਜਦੋਂ ਲੜਕੀ ਜਾਂ ਅੌਰਤ ਦਾ ਮਾਮਲਾ ਹੋਵੇ ਤਾਂ ਹਿਰਾਸਤ ਵਿੱਚ ਲੈਣਾ ਜਾਂ ਥਾਣੇ ਸੱਦ ਕੇ ਪੁੱਛਗਿੱਛ ਵੀ ਸਿਰਫ਼ ਮਹਿਲਾ ਅਧਿਕਾਰੀ ਜਾਂ ਮੁਲਾਜ਼ਮ ਹੀ ਕਰ ਸਕਦੇ ਹਨ।
ਬੀਬੀ ਲਾਂਡਰਾਂ ਨੇ ਦੱਸਿਆ ਕਿ ਅੱਜ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਪੁਲੀਸ ਵੱਲੋਂ ਵਾਰ ਵਾਰ ਲੜਕੀ ਨੂੰ ਥਾਣੇ ਸੱਦਣ ਕਾਰਨ ਪੀੜਤ ਬੱਚੀ ਅਤੇ ਪਰਿਵਾਰ ਕਾਫੀ ਡਰ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਨਾਬਾਲਗ ਬੱਚੇ ਨੂੰ ਆਪਣੇ ਘਰ ਨੌਕਰ ਰੱਖਣਾ ਦੇ ਦੋਸ਼ ਵਿੱਚ ਡਾਕਟਰ ਪਤੀ ਪਤਨੀ ਦੇ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਨਾਬਾਲਗ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪੁਲੀਸ ਵਧੀਕੀਆਂ ਦੇ ਖ਼ਿਲਾਫ਼ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਲਕੇ ਸੋਮਵਾਰ ਨੂੰ ਉਹ ਕੌਮੀ ਮਹਿਲਾ ਕਮਿਸ਼ਨ, ਪੰਜਾਬ ਰਾਜ ਮਹਿਲਾ ਕਮਿਸ਼ਨ, ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਕਮਿਸ਼ਨ ਅਤੇ ਬਾਲ ਸੁਰੱਖਿਆ ਕਮਿਸ਼ਨ ਨਾਲ ਵੀ ਤਾਲਮੇਲ ਕਰਕੇ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾਉਣਗੇ।
ਉਧਰ, ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਵੀ ਪੁਲੀਸ ’ਤੇ ਨਾਬਾਲਗ ਲੜਕੀ ਨੂੰ ਤੰਗ ਪੇ੍ਰਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਸ ਸਬੰਧੀ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੜਕੀ ਨੇ ਚੋਰੀ ਕੀਤੀ ਹੁੰਦੀ ਤਾਂ ਉਹ ਪੈਸੇ ਅਤੇ ਗਹਿਣੇ ਲੈ ਕੇ ਫਰਾਰ ਸਕਦੀ ਸੀ ਪਰ ਉਹ ਡਾਕਟਰ ਦੇ ਘਰ ਕੰਮ ਕਰਨ ਆਉਂਦੀ ਰਹੀ ਹੈ ਪ੍ਰੰਤੂ ਹੁਣ ਪੁਲੀਸ ਦੇ ਡਰ ਕਾਰਨ ਲੜਕੀ ਨੇ ਡਾਕਟਰ ਦੇ ਘਰ ਕੰਮ ਕਰਨਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੜਕੀ ਨੂੰ ਥਾਣੇ ਸੱਦਿਆ ਗਿਆ। ਫਿਰ ਉੱਥੋਂ ਸੀਆਈਏ ਸਟਾਫ਼ ਵਿੱਚ ਲਿਜਾ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਹੈ ਲੇਕਿਨ ਹੁਣ ਤੱਕ ਪੁਲੀਸ ਕੋਈ ਬਰਾਮਦਗੀ ਨਹੀਂ ਕਰ ਸਕੀ ਹੈ।
(ਬਾਕਸ ਆਈਟਮ)
ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਲੜਕੀ ਨੂੰ ਤੰਗ ਪ੍ਰੇਸ਼ਾਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੇ ਘਰ ਨਗਦੀ ਅਤੇ ਗਹਿਣੇ ਚੋਰੀ ਹੋਣ ਸਬੰਧੀ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਨੂੰ ਆਧਾਰ ਬਣਾ ਕੇ ਲੜਕੀ ਨੂੰ ਪੁੱਛਗਿੱਛ ਲਈ ਥਾਣੇ ਸੱਦਿਆ ਗਿਆ ਸੀ। ਜਿਸ ਤੋਂ ਮਹਿਲਾ ਸਟਾਫ਼ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਜਦੋਂ ਥਾਣਾ ਮੁਖੀ ਨੂੰ ਨਾਬਾਲਗ ਲੜਕੀ ਨੂੰ ਘਰੇਲੂ ਨੌਕਰ ਰੱਖਣ ਬਾਰੇ ਡਾਕਟਰ ਖ਼ਿਲਾਫ਼ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਡਾਕਟਰ ਦੇ ਘਰ ਉਕਤ ਲੜਕੀ ਨਹੀਂ ਬਲਕਿ ਉਸ ਦੀ ਮਾਂ ਕੰਮ ਕਰਦੀ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…