Share on Facebook Share on Twitter Share on Google+ Share on Pinterest Share on Linkedin ਆਖ਼ਰਕਾਰ ਮੁਹਾਲੀ ਹਵਾਈ ਅੱਡੇ ’ਤੇ ਦੋ ਮਹੀਨੇ ਬਾਅਦ ਸ਼ੁਰੂ ਹੋਈਆਂ ਘਰੇਲੂ ਉਡਾਣਾਂ ਮੁਹਾਲੀ ਤੋਂ ਦਿੱਲੀ ਲਈ ਭਰੀ ਪਹਿਲੀ ਉਡਾਣ, ਮੁੰਬਈ ਤੋਂ ਮੁਹਾਲੀ ਪੁੱਜੀ ਪਹਿਲੀ ਉਡਾਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ: ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਸੋਮਵਾਰ ਨੂੰ ਦੋ ਮਹੀਨੇ ਬਾਅਦ ਚਹਿਲ ਪਹਿਲ ਦੇਖਣ ਨੂੰ ਮਿਲੀ। ਅੱਜ ਪਹਿਲੇ ਦਿਨ ਮੁਹਾਲੀ ਤੋਂ ਪਹਿਲੀ ਉਡਾਣ ਸਵੇਰੇ ਕਰੀਬ ਪੌਣੇ 12 ਵਜੇ ਦਿੱਲੀ ਲਈ ਭਰੀ ਗਈ ਜਦੋਂਕਿ ਸਾਢੇ 11 ਵਜੇ ਮੁੰਬਈ ਤੋਂ ਪਹਿਲੀ ਉਡਾਣ ਮੁਹਾਲੀ ਪੁੱਜੀ। ਹਾਲਾਂਕਿ ਏਅਰਪੋਰਟ ਅਥਾਰਟੀ ਵੱਲੋਂ ਐਤਵਾਰ ਨੂੰ ਪੂਰੇ ਹਵਾਈ ਅੱਡੇ ਨੂੰ ਸੈਨੇਟਾਈਜ਼ ਕੀਤਾ ਗਿਆ ਸੀ ਪ੍ਰੰਤੂ ਸਾਵਧਾਨੀ ਵਜੋਂ ਅੱਜ ਸਵੇਰੇ ਦੁਬਾਰਾ ਸੈਨੇਟਾਈਜ਼ ਕੀਤਾ ਗਿਆ ਅਤੇ ਮੁਹਾਲੀ ਤੋਂ ਬਾਹਰ ਜਾਣ ਅਤੇ ਬਾਹਰੋਂ ਇੱਧਰ ਆਉਣ ਵਾਲੇ ਸਾਰੇ ਮੁਸਾਫ਼ਿਰਾਂ ਦੀ ਸਕਰੀਨਿੰਗ ਕੀਤੀ ਗਈ। ਹਵਾਈ ਅੱਡੇ ’ਤੇ ਤਾਇਨਾਤ ਸਟਾਫ਼, ਪੁਲੀਸ ਕਰਮਚਾਰੀਆਂ ਅਤੇ ਯਾਤਰੀਆਂ ਵੱਲੋਂ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ ਅਤੇ ਹਰੇਕ ਮੁਸਾਫ਼ਿਰ ਨੇ ਆਪਣੇ ਮੂੰਹ ’ਤੇ ਮਾਸਕ ਲਗਾਇਆ ਹੋਇਆ ਸੀ ਅਤੇ ਕਈ ਮੁਸਾਫ਼ਿਰ ਸੁਰੱਖਿਆ ਦੇ ਮੱਦੇਨਜ਼ਰ ਪੀਪੀਈ ਕਿੱਟਾਂ ਪਾ ਕੇ ਆਏ ਸੀ। ਇਸ ਤੋਂ ਇਲਾਵਾ ਕਾਫੀ ਯਾਤਰੀਆਂ ਨੇ ਮਾਸਕ ਦੇ ਨਾਲ ਨਾਲ ਫੇਸ ਸ਼ੀਲਡ ਵੀ ਲਗਾਈ ਹੋਈ ਸੀ। ਅੱਜ ਮੁਹਾਲੀ ਤੋਂ ਦਿੱਲੀ, ਮੁੰਬਈ, ਸ੍ਰੀਨਗਰ, ਲੇਹ ਅਤੇ ਧਰਮਸ਼ਾਲਾ ਲਈ ਘਰੇਲੂ ਉਡਾਣਾਂ ਸ਼ੁਰੂ ਹੋਈਆਂ ਹਨ। ਯਾਤਰੀਆਂ ਲਈ ਮੋਬਾਈਲ ਫੋਨ ’ਤੇ ਅਰੋਗਿਆ ਐਪ ਡਾਊਨਲੋਡ ਕਰਨਾ ਅਤੇ ਮਾਸਕ ਪਾਉਣਾ ਲਾਜ਼ਮੀ ਹੈ। ਮੁਹਾਲੀ ਤੋਂ ਦਿੱਲੀ ਜਾ ਰਹੀ ਇਕ ਅੌਰਤ ਮੁਸਾਫ਼ਿਰ ਨੂੰ ਜਦੋਂ ਕਰੋਨਾ ਮਹਾਮਾਰੀ ਦੀ ਦਹਿਸ਼ਤ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ ਕਿਉਂਕਿ ਉਹ ਪੂਰੀ ਸਾਵਧਾਨੀ ਵਰਤ ਰਹੇ ਹਨ। ਪਹਿਲੀ ਫਲਾਈਟ ਵਿੱਚ ਮੁੰਬਈ ਜਾ ਰਹੇ ਇਕ ਵਿਅਕਤੀ ਨੇ ਦੱਸਿਆ ਕਿ ਘਰੇਲੂ ਉਡਾਣਾਂ ਸ਼ੁਰੂ ਹੋਣ ਤੋਂ ਉਹ ਕਾਫੀ ਖ਼ੁਸ ਹਨ ਪ੍ਰੰਤੂ ਯਾਤਰੀਆਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਅਥਾਰਟੀ ਨੂੰ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਮੁਸਾਫ਼ਿਰ ਨੂੰ ਆਵਾਜਾਈ ਦੌਰਾਨ ਹਵਾਈ ਅੱਡੇ ’ਤੇ ਅਤੇ ਰਸਤੇ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਕ ਹੋਰ ਲੜਕੀ ਨੇ ਕਿਹਾ ਕਿ ਲੌਕਡਾਊਨ ਕਾਰਨ ਮੁਹਾਲੀ ਸਮੇਤ ਪੰਜਾਬ ਵਿੱਚ ਫਸੇ ਲੋਕ ਹੁਣ ਆਪਣੇ ਘਰ ਜਾ ਸਕਣਗੇ। ਜਹਾਜ਼ ਵਿੱਚ ਬੈਠਣ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਗਿਆ ਹੈ। ਜੇਕਰ ਕੋਈ ਯਾਤਰੀ ਨੂੰ ਵਾਲੀ ਸੀਟ ’ਤੇ ਕਿਸੇ ਦੇ ਬੈਠਣ ’ਤੇ ਇਤਰਾਜ ਹੋਵੇਗਾ ਤਾਂ ਉਸ ਨੂੰ ਸੀਟ ’ਤੇ ਪੀਲੇ ਰੰਗ ਦੀ ਪੱਟੀ ਲਗਾਈ ਜਾਵੇਗੀ। ਹਰੇਕ ਯਾਤਰੀ ਨੂੰ ਵਾਰ ਵਾਰ ਬਾਥਰੂਮ ਜਾਣ ਦੀ ਮਨਾਈ ਹੋਵੇਗੀ। ਸਿਰਫ਼ ਹੱਥ ਧੌਣ ਲਈ ਹੀ ਵਾਸ਼ਰੂਮ ਇਸਤੇਮਾਲ ਕੀਤਾ ਜਾ ਸਕਦਾ ਹੈ। ਏਅਰਪੋਰਟ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਕਰੀਬ ਦੋ ਮਹੀਨੇ ਬਾਅਦ ਹਵਾਈ ਅੱਡੇ ’ਤੇ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਇਸ ਤੋਂ ਪਹਿਲਾਂ ਤਾਂ ਸੁੰਨ ਪਸਰੀ ਹੋਈ ਸੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ’ਤੇ ਅਤੇ ਰਸਤੇ ਵਿੱਚ ਕਿਸੇ ਮੁਸਾਫ਼ਿਰ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਅਥਾਰਟੀ ਵੱਲੋਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮਾਸਕ ਤੋਂ ਬਿਨਾਂ ਕਿਸੇ ਯਾਤਰੀ ਨੂੰ ਜਹਾਜ਼ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ। ਸਕਰੀਨਿੰਗ ਦੌਰਾਨ ਜੇਕਰ ਕਿਸੇ ਮੁਸਾਫ਼ਿਰ ਵਿੱਚ ਕਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ