Nabaz-e-punjab.com

ਘਰੇਲੂ ਹਿੰਸਾ: ਡੀਐਸਪੀ ਸੋਨੀ ਤੋਂ ਪੁੱਛਗਿੱਛ ਲਈ ਅਦਾਲਤ ਵੱਲੋਂ ਪ੍ਰੋਡਕਸ਼ਨ ਵਰੰਟ ਜਾਰੀ

ਮੁਹਾਲੀ ਪੁਲੀਸ ਰੂਪਨਗਰ ਜੇਲ੍ਹ ’ਚੋਂ ਲਿਆ ਕੇ ਕਰੇਗੀ ਪੁੱਛਗਿੱਛ, ਡੀਐਸਪੀ ਦੀ ਪਤਨੀ ਵੀ ਕੀਤੀ ਤਲਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਮੁਅੱਤਲੀ ਅਧੀਨ ਡੀਐਸਪੀ ਅਤੁਲ ਸੋਨੀ ਤੋਂ ਪੁੱਛਗਿੱਛ ਲਈ ਮੁਹਾਲੀ ਅਦਾਲਤ ਨੇ ਉਸ (ਸੋਨੀ) ਦੇ ਪ੍ਰੋਡਕਸ਼ਨ ਵਰੰਟ ਜਾਰੀ ਕੀਤੇ ਹਨ। ਡੀਐਸਪੀ ਸੋਨੀ ਨੇ ਆਪਣੀ ਲੰਮੀ ਚੁੱਪੀ ਤੋੜਦਿਆਂ ਸੋਮਵਾਰ ਸ਼ਾਮ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ ਅਤੇ ਅਦਾਲਤ ਨੇ ਮੁਲਜ਼ਮ ਡੀਐਸਪੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ ਸੀ। ਡੀਐਸਪੀ ਸੋਨੀ ਖ਼ਿਲਾਫ਼ ਉਸ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਅਧਿਕਾਰੀ ਦੀ ਅਪੀਲ ’ਤੇ ਮੁਹਾਲੀ ਅਦਾਲਤ ਨੇ ਬੀਤੀ 5 ਫਰਵਰੀ ਨੂੰ ਸੋਨੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸੀ।
ਜਾਣਕਾਰੀ ਅਨੁਸਾਰ ਅੱਜ ਮੁਹਾਲੀ ਪੁਲੀਸ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਡੀਐਸਪੀ ਅਤੁਲ ਸੋਨੀ ਤੋਂ ਉਕਤ ਮਾਮਲੇ ਸਬੰਧੀ ਪੁੱਛਗਿੱਛ ਕਰਨ ਲਈ ਪ੍ਰੋਡਕਸ਼ਨ ਵਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ। ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 5 ਮਾਰਚ ਲਈ ਡੀਐਸਪੀ ਸੋਨੀ ਦੇ ਪ੍ਰੋਡਕਸ਼ਨ ਵਰੰਟ ਜਾਰੀ ਕਰ ਦਿੱਤੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਟੀਮ ਵੀਰਵਾਰ ਨੂੰ ਰੂਪਨਗਰ ਜੇਲ੍ਹ ’ਚੋਂ ਡੀਐਸਪੀ ਸੋਨੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਥਾਣਾ ਫੇਜ਼-8 ਵਿੱਚ ਲਿਆਂਦਾ ਜਾਵੇਗਾ ਅਤੇ ਸੋਨੀ ਤੋਂ ਪਹਿਲਾਂ ਇਕੱਲਿਆਂ ਪੁੱਛਗਿੱਛ ਕੀਤੀ ਜਾਵੇਗੀ। ਇਸ ਮਗਰੋਂ ਉਸ ਦੀ ਪਤਨੀ ਨੂੰ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਦੇ ਘਰ ’ਚੋਂ ਬਰਾਮਦ ਹੋਏ ਕਥਿਤ ਨਾਜਾਇਜ਼ ਅਸਲੇ ਵੀ ਪੁੱਛਗਿੱਛ ਕੀਤੀ ਜਾਣੀ ਹੈ। ਹਾਲਾਂਕਿ ਸੋਨੀ ਕੋਲ ਸਰਕਾਰੀ ਹਥਿਆਰ ਸੀ। ਇਸ ਦੇ ਬਾਵਜੂਦ ਉਸ ਨੇ ਆਪਣੇ ਕੋਲ ਨਾਜਾਇਜ਼ ਅਸਲਾ ਕਿਸ ਮੰਤਵ ਲਈ ਰੱਖਿਆ ਸੀ ਅਤੇ ਉਸ ਨੇ ਇਹ ਅਸਲਾ ਕਿੱਥੋਂ ਲਿਆਂਦਾ ਸੀ।
ਜ਼ਿਕਰਯੋਗ ਹੈ ਕਿ ਡੀਐਸਪੀ ਅਤੁਲ ਸੋਨੀ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਹ ਰੂਪੋਸ਼ ਹੋ ਗਏ ਸੀ। ਪਹਿਲਾਂ ਜ਼ਿਲ੍ਹਾ ਅਦਾਲਤ ਨੇ ਪੁਲੀਸ ਅਧਿਕਾਰੀ ਨੂੰ ਜ਼ਮਾਨਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇਸ ਮਗਰੋਂ ਉਸ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ ਅਤੇ ਪੱਕੀ ਜ਼ਮਾਨਤ ਹਾਸਲ ਕਰਨ ਦੀ ਗੁਹਾਰ ਲਗਾਈ ਗਈ ਲੇਕਿਨ ਉੱਚ ਅਦਾਲਤ ਨੇ ਵੀ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ।
ਉਧਰ, ਪੰਜਾਬ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਐਸਪੀ ਅਤੁਲ ਸੋਨੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਇਹ ਕਾਰਵਾਈ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਐਂਡ ਅਪੀਲ) ਰੂਲਜ਼ 1970 ਦੀ ਧਾਰਾ 4 (2) ਤਹਿਤ ਕੀਤੀ ਗਈ ਹੈ। ਵਿਭਾਗੀ ਜਾਂਚ ਵੀ ਹਾਲੇ ਕਿਸੇ ਕੰਢੇ ਨਹੀਂ ਲੱਗੀ ਹੈ। ਪਿਛਲੇ ਦਿਨੀਂ ਡੀਐਸਪੀ ਸੋਨੀ ਦਾ ਲੂਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪੁਲੀਸ ਨੂੰ ਮੁਲਜ਼ਮ ਅਧਿਕਾਰੀ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਸੀ। ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਸੋਨੀ ਨੇ ਅਦਾਲਤ ਵਿੱਚ ਆਤਮ ਸਮਰਪਣ ਕਰਨ ਦਾ ਫੈਸਲਾ ਲਿਆ ਸੀ।
(ਬਾਕਸ ਆਈਟਮ)
ਜਾਣਕਾਰੀ ਅਨੁਸਾਰ ਸਾਲ 2012 ਵਿੱਚ ਅਤੁਲ ਸੋਨੀ ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ। ਉਦੋਂ ਉਹ ਕਿਸੇ ਨਿੱਜੀ ਕੰਮ ਤੋਂ ਵਿਦੇਸ਼ ਜਾ ਰਿਹਾ ਸੀ ਤਾਂ ਆਈਜੀਆਈ ਏਅਰਪੋਰਟ ’ਤੇ ਤਲਾਸ਼ੀ ਦੌਰਾਨ ਉਸ ਕੋਲੋਂ ਕੱਪੜਿਆਂ ਵਾਲੇ ਬੈਗ ’ਚੋਂ 49 ਜ਼ਿੰਦਾ ਅਤੇ 4 ਖਾਲੀ ਕਾਰਤੂਸ ਬਰਾਮਦ ਹੋਏ ਸੀ। ਇਸ ਤੋਂ ਇਲਾਵਾ ਇਕ .9 ਐਮਐਮ ਦੀ ਪਿਸਤੌਲ ਦਾ ਖਾਲੀ ਮੈਗਜ਼ੀਨ ਵੀ ਮਿਲਿਆ ਸੀ। ਉਹ ਆਪਣੀ ਪਤਨੀ ਨਾਲ ਟੀ3 ਫਿਲਿਪਸ ਏਅਰਲਾਈਨ ਰਾਹੀਂ ਮਨੀਲਾ ਜਾ ਰਹੇ ਸੀ। ਤਲਾਸ਼ੀ ਦੌਰਾਨ ਏਅਰਪੋਰਟ ’ਤੇ ਕਾਰਤੂਸਾਂ ਨਾਲ ਫੜੇ ਗਏ ਸੀ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਵੱਖਰਾ ਕੇਸ ਦਰਜ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…