Nabaz-e-punjab.com

ਘਰੇਲੂ ਹਿੰਸਾ: ਡੀਐਸਪੀ ਅਤੁਲ ਸੋਨੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ

ਡੀਐਸਪੀ ਦੀ ਗ੍ਰਿਫ਼ਤਾਰੀ ਲਈ ਮੁਹਾਲੀ ਪੁਲੀਸ ਵੱਲੋਂ ਯਤਨ ਤੇਜ਼

ਡੀਐਸਪੀ ਦੀ ਪਤਨੀ ਪੁਲੀਸ ਨੂੰ ਜਾਂਚ ’ਚ ਨਹੀਂ ਦੇ ਰਹੀ ਹੈ ਸਹਿਯੋਗ: ਜਾਂਚ ਟੀਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਮੁਹਾਲੀ ਵਿੱਚ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਡੀਐਸਪੀ ਅਤੁਲ ਸੋਨੀ ਦੀਆਂ ਲਗਾਤਾਰ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮੁਹਾਲੀ ਅਦਾਲਤ ਨੇ ਡੀਐਸਪੀ ਅਤੁਲ ਸੋਨੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਹਨ। ਇਸ ਗੱਲ ਦੀ ਪੁਸ਼ਟੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀ ਦੀ ਪਿਛਲੀ ਦਿਨੀਂ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਵੀ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਥਾਣਾ ਮੁਖੀ ਅਤੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸ੍ਰੀਮਤੀ ਸੋਨੀ ਮਾਮਲੇ ਦੀ ਜਾਂਚ ਸਬੰਧੀ ਪੁਲੀਸ ਨੂੰ ਬਿਲਕੁਲ ਵੀ ਸਹਿਯੋਗ ਨਹੀਂ ਦੇ ਰਹੀ ਹੈ।
ਉਧਰ, ਪੰਜਾਬ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੀਤੇ ਕੱਲ੍ਹ ਡੀਐਸਪੀ ਅਤੁਲ ਸੋਨੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਕਾਰਵਾਈ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਐਂਡ ਅਪੀਲ) ਰੂਲਜ਼ 1970 ਦੀ ਧਾਰਾ 4 (2) ਤਹਿਤ ਕੀਤੀ ਗਈ ਹੈ। ਡੀਐਸਪੀ ਸੋਨੀ ਖ਼ਿਲਾਫ਼ ਉਸ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਖ਼ਿਲਾਫ਼ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਦਿਨ ਤੋਂ ਹੀ ਡੀਐਸਪੀ ਆਪਣੇ ਘਰੋਂ ਫਰਾਰ ਦੱਸਿਆ ਗਿਆ ਹੈ। ਹਾਲਾਂਕਿ ਅਗਲੇ ਹੀ ਦਿਨ ਡੀਐਸਪੀ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ, ਐਸਐਸਪੀ, ਡੀਐਸਪੀ ਨੂੰ ਈਮੇਲ ਅਤੇ ਵੱਸਟਐਪ ’ਤੇ ਹਲਫ਼ਨਾਮਾ ਭੇਜ ਕੇ ਸਪੱਸ਼ਟ ਕੀਤਾ ਗਿਆ ਸੀ ਕਿ ਡੀਐਸਪੀ ਨੇ ਉਸ ਉੱਤੇ ਫਾਇਰਿੰਗ ਨਹੀਂ ਕੀਤੀ ਸੀ। ਉਨ੍ਹਾਂ ਦਾ ਆਪਸ ਵਿੱਚ ਮਾਮੂਲੀ ਘਰੇਲੂ ਝਗੜਾ ਜ਼ਰੂਰ ਹੋਇਆ ਸੀ। ਪ੍ਰੰਤੂ ਸਥਾਨਕ ਪੁਲੀਸ ਸ੍ਰੀਮਤੀ ਸੋਨੀ ਦੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਪੁਲੀਸ ਨੂੰ ਸ਼ੱਕ ਹੈ ਕਿ ਕਿਤੇ ਸ੍ਰੀਮਤੀ ਸੋਨੀ ਨੂੰ ਡਰਾ ਧਮਕਾ ਕੇ ਉਸ ਤੋਂ ਹਲਫੀਆਂ ਬਿਆਨ ਨਾ ਲਿਖਵਾਇਆ ਗਿਆ ਹੋਵੇ। ਇਹ ਗੱਲ ਉਦੋਂ ਤੱਕ ਸਾਫ਼ ਨਹੀਂ ਹੁੰਦੀ ਜਦੋਂ ਤੱਕ ਸ੍ਰੀਮਤੀ ਸੋਨੀ ਜਾਂਚ ਵਿੱਚ ਸ਼ਾਮਲ ਹੋ ਕੇ ਬਿਆਨ ਦਰਜ ਨਹੀਂ ਕਰਵਾਉਂਦੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਸੰਗੀਨ ਮਾਮਲਾ ਹੈ ਅਤੇ ਪੁਲੀਸ ਬੋਚ ਬੋਚ ਕੇ ਪੈਰ ਧਰ ਰਹੀ ਹੈ।
ਜਾਂਚ ਟੀਮ ਦਾ ਕਹਿਣਾ ਹੈ ਕਿ ਸ੍ਰੀਮਤੀ ਸੋਨੀ ਦੀ ਹੱਥ ਲਿਖਤ ਸ਼ਿਕਾਇਤ ਨੂੰ ਆਧਾਰ ਬਣਾ ਕੇ ਡੀਐਸਪੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ੍ਰੀਮਤੀ ਸੋਨੀ ਨੂੰ ਸੰਮਨ ਭੇਜ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਸੱਦਿਆ ਗਿਆ ਸੀ ਲੇਕਿਨ ਹੁਣ ਤੱਕ ਉਹ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਨਹੀਂ ਆਏ ਹਨ। ਇਹੀ ਨਹੀਂ ਸ੍ਰੀਮਤੀ ਸੋਨੀ ਨੇ ਪੁਲੀਸ ਅਧਿਕਾਰੀਆਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ ਜਦੋਂਕਿ ਡੀਐਸਪੀ ਦਾ ਫੋਨ ਪਹਿਲੇ ਦਿਨ ਤੋਂ ਹੀ ਬੰਦ ਆ ਰਿਹਾ ਹੈ। ਹਾਈ ਕੋਰਟ ਵੱਲੋਂ ਡੀਐਸਪੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਨ ਪੁਲੀਸ ਨੇ ਮੁਹਾਲੀ ਅਦਾਲਤ ’ਚੋਂ ਡੀਐਸਪੀ ਦੇ ਗੈਰ ਜ਼ਮਾਨਤੀ ਵਰੰਟ ਜਾਰੀ ਹਾਸਲ ਕਰਕੇ ਸੋਨੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਡੀਐਸਪੀ ਦੀ ਪੈੜ ਨੱਪਣ ਲਈ ਉਨ੍ਹਾਂ ਦੇ ਘਰ ਸਮੇਤ ਹੋਰ ਸਬੰਧਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਉਸ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ ਹੈ। ਡੀਐਸਪੀ ਦੇ ਫੇਸਬੁੱਕ ਅਕਾਉਂਟ ਅਤੇ ਉਸ ਦੇ ਮਿੱਤਰਚਾਰੇ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …