Nabaz-e-punjab.com

ਘਰੇਲੂ ਹਿੰਸਾ: ਡੀਐਸਪੀ ਅਤੁਲ ਸੋਨੀ ਨੇ ਮੁਹਾਲੀ ਅਦਾਲਤ ਵਿੱਚ ਕੀਤਾ ਆਤਮ ਸਮਰਪਣ

ਹੁਣ ਮੁਹਾਲੀ ਪੁਲੀਸ, ਅਦਾਲਤ ’ਚੋਂ ਪ੍ਰੋਡਕਸ਼ਨ ਵਰੰਟ ਲੈ ਕੇ ਡੀਐਸਪੀ ਤੋਂ ਕਰੇਗੀ ਮਾਮਲੇ ਸਬੰਧੀ ਪੁੱਛਗਿੱਛ

ਮੁਹਾਲੀ ਅਦਾਲਤ ਨੇ 5 ਫਰਵਰੀ ਨੂੰ ਜਾਰੀ ਕੀਤੇ ਸੀ ਡੀਐਸਪੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਮੁਅੱਤਲੀ ਅਧੀਨ ਡੀਐਸਪੀ ਅਤੁਲ ਸੋਨੀ ਨੇ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਨੇ ਮੁਲਜ਼ਮ ਡੀਐਸਪੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ ਹੈ। ਡੀਐਸਪੀ ਸੋਨੀ ਖ਼ਿਲਾਫ਼ ਉਸ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਦਿਨ ਤੋਂ ਹੀ ਡੀਐਸਪੀ ਫਰਾਰ ਚੱਲ ਰਿਹਾ ਸੀ। ਜਾਂਚ ਅਧਿਕਾਰੀ ਦੀ ਅਪੀਲ ’ਤੇ ਮੁਹਾਲੀ ਅਦਾਲਤ ਨੇ ਬੀਤੀ 5 ਫਰਵਰੀ ਨੂੰ ਸੋਨੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸੀ। ਲੇਕਿਨ ਉਸ ਨੂੰ ਫੜ ਨਹੀਂ ਸਕੀ।
ਡੀਐਸਪੀ ਸੋਨੀ ਨੇ ਸਥਾਨਕ ਪੁਲੀਸ ਨੂੰ ਝਕਾਨੀ ਦੇ ਕੇ ਅੱਜ ਸ਼ਾਮ ਕਰੀਬ ਸਵਾ 4 ਵਜੇ ਇਲਾਕਾ ਮੈਜਿਸਟਰੇਟ ਰੂਚੀ ਸਵੱਪਣ ਸ਼ਰਮਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਮਗਰੋਂ ਸੂਚਨਾ ਮਿਲਦੇ ਹੀ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਤੇ ਹੋਰ ਅਧਿਕਾਰੀ ਅਦਾਲਤ ਵਿੱਚ ਪਹੁੰਚ ਗਏ। ਹਾਲਾਂਕਿ ਡੀਐਸਪੀ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਸੀ ਪ੍ਰੰਤੂ ਬਚਾਅ ਪੱਖੋਂ ਆਤਮ ਸਮਰਪਣ ਦੀ ਅਰਜ਼ੀ ਲਗਾਉਣ ਕਾਰਨ ਅਦਾਲਤ ਨੇ ਡੀਐਸਪੀ ਸੋਨੀ ਨੂੰ ਨਿਆਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਐਸਐਚਓ ਰਜਨੀਸ਼ ਚੌਧਰੀ ਦੀ ਅਗਵਾਈ ਵਾਲੀ ਟੀਮ ਨੇ ਡੀਐਸਪੀ ਸੋਨੀ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਪਰੰਤ ਡੀਐਸਪੀ ਨੂੰ ਫੇਜ਼-8 ਥਾਣੇ ਲਿਆਂਦਾ ਗਿਆ ਅਤੇ ਥਾਣਾ ਮੁਖੀ ਦੇ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਗਈ। ਪਹਿਲਾਂ ਜਿਹੜੇ ਪੁਲੀਸ ਮੁਲਾਜ਼ਮ ਡੀਐਸਪੀ ਨੂੰ ਦੂਰ ਦੇਖਦੇ ਹੀ ਸਲੂਟ ਮਾਰਦੇ ਸੀ, ਅੱਜ ਉਹ ਉਨ੍ਹਾਂ ਨੂੰ ਅਜੀਬ ਨਜ਼ਰ ਨਾਲ ਤੱਕ ਰਹੇ ਸੀ। ਸ਼ਾਮ ਨੂੰ ਥਾਣਾ ਮੁਖੀ ਨੇ ਡੀਐਸਪੀ ਨੂੰ ਰੂਪਨਗਰ ਜੇਲ੍ਹ ਪ੍ਰਸ਼ਾਸਨ ਦੇ ਹਵਾਲੇ ਕੀਤਾ ਗਿਆ।
ਥਾਣਾ ਫੇਜ਼-8 ਦੇ ਨਵੇਂ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਆਤਮ ਸਮਰਪਣ ਤੋਂ ਬਾਅਦ ਅਦਾਲਤ ਨੇ ਡੀਐਸਪੀ ਸੋਨੀ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ ਲੇਕਿਨ ਹੁਣ ਸਥਾਨਕ ਪੁਲੀਸ ਅਦਾਲਤ ’ਚੋਂ ਪ੍ਰੋਡਕਸ਼ਨ ਵਰੰਟ ਲੈ ਕੇ ਪੁੱਛਗਿੱਛ ਲਈ ਡੀਐਸਪੀ ਨੂੰ ਆਪਣੀ ਹਿਰਾਸਤ ਵਿੱਚ ਲਵੇਗੀ ਅਤੇ ਸ਼ਿਕਾਇਤ ਕਰਤਾ ਪਤਨੀ ਨੂੰ ਵੀ ਥਾਣੇ ਸੱਦ ਕੇ ਦੋਵਾਂ ਤੋਂ ਕਰਾਸ ਪੁੱਛਗਿੱਛ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਡੀਐਸਪੀ ਅਤੁਲ ਸੋਨੀ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਹ ਰੂਪੋਸ਼ ਹੋ ਗਏ ਸੀ। ਪਹਿਲਾਂ ਜ਼ਿਲ੍ਹਾ ਅਦਾਲਤ ਨੇ ਪੁਲੀਸ ਅਧਿਕਾਰੀ ਨੂੰ ਜ਼ਮਾਨਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇਸ ਮਗਰੋਂ ਉਸ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ ਅਤੇ ਪੱਕੀ ਜ਼ਮਾਨਤ ਹਾਸਲ ਕਰਨ ਦੀ ਗੁਹਾਰ ਲਗਾਈ ਗਈ ਲੇਕਿਨ ਉੱਚ ਅਦਾਲਤ ਨੇ ਵੀ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ।
ਉਧਰ, ਪੰਜਾਬ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਐਸਪੀ ਅਤੁਲ ਸੋਨੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਇਹ ਕਾਰਵਾਈ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਐਂਡ ਅਪੀਲ) ਰੂਲਜ਼ 1970 ਦੀ ਧਾਰਾ 4 (2) ਤਹਿਤ ਕੀਤੀ ਗਈ ਹੈ। ਵਿਭਾਗੀ ਜਾਂਚ ਵੀ ਹਾਲੇ ਕਿਸੇ ਕੰਢੇ ਨਹੀਂ ਲੱਗੀ ਹੈ। ਪਿਛਲੇ ਦਿਨੀਂ ਡੀਐਸਪੀ ਸੋਨੀ ਦਾ ਲੂਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪੁਲੀਸ ਨੂੰ ਮੁਲਜ਼ਮ ਅਧਿਕਾਰੀ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਸੀ। ਇਸ ਕਾਰਵਾਈ ਤੋਂ ਬਾਅਦ ਹੀ ਉਸ ਨੇ ਅਦਾਲਤ ਵਿੱਚ ਆਤਮ ਸਮਰਪਛ ਕੀਤਾ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …