
ਘਰੇਲੂ ਹਿੰਸਾ: ਜਗਤਪੁਰਾ ਕਲੋਨੀ ਵਿੱਚ ਝਗੜੇ ਦੌਰਾਨ ਦਿਉਰ-ਭਾਬੀ ਜ਼ਖ਼ਮੀ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਜਗਤਪੁਰਾ ਵਿੱਚ ਅੱਜ ਸਵੇਰੇ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਦੋ ਵਿਅਕਤੀ ਦਿਉਰ ਅਤੇ ਭਾਬੀ ਜ਼ਖ਼ਮੀ ਹੋ ਗਏ। ਝਗੜੇ ਸਬੰਧੀ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਜਾਣਕਾਰੀ ਅਨੁਸਾਰ ਜਗਤਪੁਰਾ ਕਲੋਨੀ ਵਿੱਚ ਪਰਿਵਾਰਕ ਝਗੜੇ ਤੋਂ ਬਾਅਦ ਵੱਡੀ ਨੂੰਹ ਨੇ ਫੋਨ ਕਰਕੇ ਦਿੱਲੀ ਤੋਂ ਆਪਣੇ ਮਾਪਿਆਂ ਨੂੰ ਮੁਹਾਲੀ ਸੱਦ ਲਿਆ। ਜਿਨ੍ਹਾਂ ਨੇ ਅੱਜ ਸਵੇਰੇ ਇੱਥੇ ਪਹੁੰਚ ਕੇ ਆਪਣੀ ਧੀ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨਾਲ ਝਗੜਾ ਕੀਤਾ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਪਰਿਵਾਰ ਦਾ ਮੈਂਬਰ ਭੀਮ ਸੇਨ ਅਤੇ ਵੱਡੀ ਨੂੰਹ ਜੈ ਮਾਲਾ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਜਾਇਆ ਗਿਆ।
ਹਸਪਤਾਲ ਵਿੱਚ ਜੇਰੇ ਇਲਾਜ ਭੀਮ ਸੇਨ ਨੇ ਦੱਸਿਆ ਕਿ ਉਸ ਦੀ ਵੱਡੀ ਭਾਬੀ ਜੈ ਮਾਲਾ ਨੇ ਬੀਤੀ ਸ਼ਾਮ ਉਸ ਦੇ ਪਿਤਾ ਨਾਲ ਝਗੜਾ ਕੀਤਾ ਸੀ। ਜਿਸ ਦਾ ਉਸ ਨੇ ਵਿਰੋਧ ਕਰਦਿਆਂ ਭਾਬੀ ਨੂੰ ਝਗੜਾ ਕਰਨ ਤੋਂ ਰੋਕਣ ਦਾ ਯਤਨ ਕੀਤਾ ਸੀ ਪ੍ਰੰਤੂ ਉਸ ਦੀ ਭਾਬੀ ਨੇ ਫੋਨ ਕਰਕੇ ਦਿੱਲੀ ਤੋਂ ਆਪਣੇ ਮਾਪਿਆ ਨੂੰ ਮੁਹਾਲੀ ਸੱਦ ਲਿਆ। ਉਸਨੇ ਦੋਸ਼ ਲਾਇਆ ਕਿ ਦਿੱਲੀ ਤੋਂ ਆਏ ਬੰਦਿਆਂ ਨੇ ਉਸ ਦੇ ਪਿਤਾ ਅਤੇ ਉਸ ਨੂੰ ਸੱਟਾਂ ਮਾਰੀਆਂ ਹਨ।
ਉਧਰ, ਦੂਜੇ ਪਾਸੇ ਸਰਕਾਰੀ ਹਸਪਤਾਲ ਵਿੱਚ ਹੀ ਜੇਰੇ ਇਲਾਜ ਜੈ ਮਾਲਾ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਇਹ ਕਹਿ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਉਹ ਮਕਾਨ ਬਣਾਉਣ ਲਈ ਖਰੀਦੀ ਜਾਣ ਵਾਲੀ 100 ਗਜ਼ ਜ਼ਮੀਨ ਵਿੱਚ ਵਿੱਤੀ ਹਿੱਸਾ ਪਾਉਣ ਜਦੋਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਰੂਰਤ ਲਈ ਬਾਅਦ ਵਿੱਚ 1 ਮਰਲਾ ਥਾਂ ਖ਼ੁਦ ਖਰੀਦ ਲੈਣਗੇ ਪ੍ਰੰਤੂ ਹੁਣ ਉਹ ਕੋਈ ਹਿੱਸਾ ਨਹੀਂ ਦੇਣਗੇ। ਜਿਸ ਕਾਰਨ ਪਰਿਵਾਰਕ ਝਗੜਾ ਜ਼ਿਆਦਾ ਵੱਧ ਗਿਆ। ਸਹੁਰੇ ਪਰਿਵਾਰ ਨੇ ਉਸ ਦੀ ਕੁੱਟਮਾਰ ਕੀਤੀ ਗਈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-11 ਦੇ ਐਸਐਚਓ ਇੰਸਪੈਕਟਰ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੂੰ ਇਸ ਸਬੰਧੀ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।