ਘਰੇਲੂ ਹਿੰਸਾ: ਨਰਸ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਕੇਸ ਦਰਜ
ਨਬਜ਼-ਏ-ਪੰਜਾਬ, ਮੁਹਾਲੀ, 15 ਮਾਰਚ:
ਇੱਥੋਂ ਦੇ ਸੈਕਟਰ-69 ਵਿੱਚ ਘਰੇਲੂ ਹਿੰਸਾ ਦੇ ਚੱਲਦਿਆਂ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਦੀ ਨਰਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਪ੍ਰਿਅੰਕਾ (24) ਵਜੋਂ ਹੋਈ ਹੈ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਮ੍ਰਿਤਕਾ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰਿੰਦਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ 5 ਫਰਵਰੀ 2023 ਨੂੰ ਪ੍ਰਿਅੰਕਾ ਦਾ ਵਿਆਹ ਆਕਾਸ਼ ਪੁੱਤਰ ਅਜੈ ਕੁਮਾਰ ਵਾਸੀ ਰਾਜੀਵ ਕਲੋਨੀ, ਕੈਥਲ (ਹਰਿਆਣਾ) ਨਾਲ ਕੀਤਾ ਸੀ। ਪਿਛਲੇ ਸਾਲ ਹੀ ਇਹ ਦੋਵੇਂ ਜਣੇ ਮੁਹਾਲੀ ਆ ਕੇ ਰਹਿਣ ਲੱਗ ਪਏ ਸੀ।
ਪਿਤਾ ਸੁਰਿੰਦਰ ਸਿੰਘ ਅਨੁਸਾਰ ਉਸ ਦੀ ਬੇਟੀ ਪ੍ਰਿਅੰਕਾ ਫੋਰਟਿਸ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ ਪ੍ਰੰਤੂ ਉਸ ਦਾ ਪਤੀ ਆਕਾਸ਼ ਅਕਸਰ ਸ਼ਰਾਬ ਪੀ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਕੁੱਟਮਾਰ ਕਰਦਾ ਸੀ। ਪ੍ਰਿਅੰਕਾ ਨੂੰ ਸ਼ੱਕ ਸੀ ਕਿ ਆਕਾਸ਼ ਦੇ ਕਿਸੇ ਹੋਰ ਅੌਰਤ ਨਾਲ ਕਥਿਤ ਨਾਜਾਇਜ਼ ਸਬੰਧ ਹਨ। ਜਿਸ ਕਾਰਨ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਮ੍ਰਿਤਕਾ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਆਕਾਸ਼ ਬਿਲਕੁਲ ਵਿਹਲੜ ਸੀ ਅਤੇ ਉਸ ਨੇ ਪ੍ਰਿਅੰਕਾ ’ਤੇ ਦਬਾਅ ਪਾ ਕੇ ਉਸ ਦੀ ਤਨਖ਼ਾਹ ਦੀ ਗਰੰਟੀ ’ਤੇ ਲੋਨ ਲਿਆ ਸੀ ਅਤੇ ਬੈਂਕ ਦੀਆਂ ਕਿਸ਼ਤਾਂ ਵੀ ਪ੍ਰਿਅੰਕਾ ਦੀ ਤਨਖ਼ਾਹ ’ਚੋਂ ਜਾਂਦੀ ਸੀ। ਇਹੀ ਨਹੀਂ ਪ੍ਰਿਅੰਕਾ ਦੀ ਸੱਸ ਬੱਬਲੀ ਉਸ ਦੀ ਬੇਟੀ ’ਤੇ ਅਕਸਰ ਇਹ ਦਬਾਅ ਪਾਉਂਦੀ ਸੀ ਕਿ ਉਸ ਨੇ ਆਕਾਸ਼ ਨੂੰ ਵਿਦੇਸ਼ ਭੇਜਣਾ ਹੈ ਅਤੇ ਉਹ ਆਪਣੇ ਪੇਕਿਆਂ ਤੋਂ ਪੈਸੇ ਲਿਆ ਕੇ ਦੇਵੇ। ਇਸ ਤਰ੍ਹਾਂ ਹੁਣ ਤੱਕ ਕਰੀਬ 12 ਲੱਖ ਰੁਪਏ ਦੇ ਚੁੱਕੇ ਹਨ।
ਬੀਤੀ 13 ਮਾਰਚ ਦੀ ਦੇਰ ਰਾਤ ਪ੍ਰਿਅੰਕਾ ਦੇ ਘਰਦਿਆਂ ਨੂੰ ਇਹ ਜਾਣਕਾਰੀ ਦਿੱਤੀ ਕਿ ਪ੍ਰਿਅੰਕਾ ਦਰਵਾਜਾ ਨਹੀਂ ਖੋਲ੍ਹ ਰਹੀ ਅਤੇ ਉਸ ਨੇ ਅੰਦਰੋਂ ਕੁੰਡੀ ਬੰਦ ਕੀਤੀ ਹੋਈ ਹੈ। ਜਦੋਂ ਉਹ ਮੁਹਾਲੀ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਕਿ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਹੋਇਆ ਹੈ। ਪੁਲੀਸ ਅਨੁਸਾਰ ਪ੍ਰਿਅੰਕਾ ਨੇ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਫਾਹਾ ਲਗਾ ਕੇ ਖ਼ੁਦੁਕਸ਼ੀ ਕੀਤੀ ਹੈ।
ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਨਵਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕਾ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪ੍ਰਿਅੰਕਾ ਦੇ ਪਤੀ ਆਕਾਸ਼ ਅਤੇ ਸਹੁਰੇ ਘਰ ਦੇ ਬਾਕੀ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।