Nabaz-e-punjab.com

ਘਰੇਲੂ ਹਿੰਸਾ ਦਾ ਸ਼ਿਕਾਰ ਲੜਕੀ ਹੈਲਪਿੰਗ ਹੈਪਲੈਸ ਦੀ ਮਦਦ ਨਾਲ ਮਨੀਲਾ ਤੋਂ ਬਚ ਕੇ ਘਰ ਪਰਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਦਹੇਜ ਲਈ ਅੌਰਤਾਂ ’ਤੇ ਅੱਤਿਆਚਾਰ ਜਾਂ ਬਦਸਲੂਕੀ ਦੇ ਮਾਮਲਿਆਂ ਨੇ ਸਮਾਜ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਅੌਰਤ ਭਾਵੇ ਪੜੀ-ਲਿਖੀ ਹੋਵੇ ਜਾਂ ਅਨਪੜ੍ਹ ਇਨ੍ਹਾਂ ’ਚੋਂ ਜ਼ਿਆਦਾਤਰ ਅੌਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਰਹਿ ਗਈਆਂ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਤੇ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਦੇ ਯਤਨਾਂ ਸਦਕਾ ਜਗਰਾਓ ਦੀ ਅੌਰਤ ਚਰਨਜੀਤ ਕੌਰ ਨੂੰ ਮਨੀਲਾ ’ਚੋਂ ਪਤੀ ਦੀ ਕੈਦ ’ਚੋਂ ਛੁਡਾ ਕੇ ਵਾਪਸ ਲਿਆਂਦਾ ਗਿਆ ਹੈ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਚਰਨਜੀਤ ਕੌਰ ਨੇ ਆਪਣੇ ਚੰਗੇ ਭਵਿੱਖ ਦੀ ਉਮੀਦ ਵਿੱਚ ਵਿਆਹ ਕਰਵਾਇਆ ਸੀ ਅਤੇ ਚਾਰ ਮਹੀਨੇ ਬਾਅਦ ਉਸ ਦਾ ਪਤੀ ਉਸ ਨੂੰ ਆਪਣੇ ਨਾਲ ਮਨੀਲਾ ਲੈ ਗਿਆ।
ਜਿੱਥੇ ਉਸ ਦੇ ਪਤੀ ਨੇ ਚਰਨਜੀਤ ਦੇ ਮਾਪਿਆਂ ਕੋਲੋਂ ਪੈਸੇ ਦੇਣ ਦੀ ਮੰਗ ਸ਼ੁਰੂ ਕਰ ਦਿੱਤੀ। ਪੈਸੇ ਨਾ ਮਿਲਣ ’ਤੇ ਉਹ ਉਸ ਨੂੰ ਕੁੱਟਦਾ ਮਾਰਦਾ ਰਿਹਾ। ਇਸ ਦੌਰਾਨ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। ਚਰਨਜੀਤ ਨੂੰ ਲੱਗਿਆ ਸ਼ਾਇਦ ਹੁਣ ਉਨ੍ਹਾਂ ਦਾ ਰਿਸ਼ਤਾ ਠੀਕ ਹੋ ਜਾਵੇ ਪਰ ਅਜਿਹਾ ਨਹੀਂ ਹੋਇਆ ਸਗੋਂ ਉਹ ਹੋਰ ਵਹਿਸ਼ੀ ਹਰਕਤਾਂ ’ਤੇ ਉਤਰ ਆਇਆ। ਪੈਸੇ ਮੰਗਾਉਣ ਲਈ ਉਸ ਨੇ ਚਰਨਜੀਤ ਦੇ ਮਾਪਿਆਂ ਨੂੰ ਵੀਡੀਓ ਕਾਲ ਲਗਾ ਕੇ ਉਨ੍ਹਾਂ ਦੀ ਬੇਟੀ ਅਤੇ ਦੋਹਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤਰ੍ਹਾਂ ਦੋ ਜਾਨਾਂ ਬਚਾਉਣ ਲਈ ਪੀੜਤ ਅੌਰਤ ਦੇ ਮਾਪਿਆਂ ਦਾ ਸਭ ਕੁਝ ਦਾਅ ’ਤੇ ਲੱਗ ਗਿਆ। ਜਦੋਂ ਪਤੀ ਦੀਆਂ ਵਧੀਕੀਆਂ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ ਤਾਂ ਪੀੜਤ ਅੌਰਤ ਦੇ ਮਾਪਿਆਂ ਨੇ ਹੈਲਪਿੰਗ ਹੈਪਲੈੱਸ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਨਾਲ ਸੰਪਰਕ ਕਰਕੇ ਆਪਬੀਤੀ ਦੱਸੀ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਹੈਲਪਿੰਗ ਹੈਪਲੈਸ ਦੀ ਟੀਮ ਨੇ ਮਨੀਲਾ ਵਿੱਚ ਸਥਿਤ ਭਾਰਤੀ ਅੰਬੈਸੀ ਦੇ ‘ਅਟੈਚੀ’ ਮਿਸ਼ਰਾ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਚਰਨਜੀਤ ਅਤੇ ਉਸ ਦੀ ਬੱਚੀ ਨੂੰ ਪੁਲੀਸ ਦੀ ਮਦਦ ਨਾਲ ਅੰਬੈਸੀ ਲਿਆਂਦਾ ਗਿਆ ਅਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ। ਬੱਚੀ ਦੇ ਜਨਮ ਸਰਟੀਫਿਕੇਟ ’ਤੇ ਨਾਮ ਗਲਤ ਹੋਣ ਕਾਰਨ ਉਹ ਭਾਰਤ ਨਹੀਂ ਆ ਸਕਦੀ ਸੀ। ਪਹਿਲਾਂ ਬੱਚੀ ਦਾ ਨਾਮ ਠੀਕ ਕਰਵਾ ਕੇ ਨਵਾਂ ਪਾਸਪੋਰਟ ਬਣਾਇਆ ਅਤੇ ਵਤਨ ਵਾਪਸੀ ਲਈ ਹਵਾਈ ਜਹਾਜ਼ ਦੀ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਸਦਕਾ ਚਰਨਜੀਤ ਕੌਰ ਆਪਣੇ ਮਾਪਿਆਂ ਕੋਲ ਪਹੁੰਚ ਸਕੀ। ਇਸ ਮੌਕੇ ਡਾ. ਹਮਜੋਲ ਸਿੰਘ, ਅਰਵਿੰਦਰ ਸਿੰਘ ਭੁੱਲਰ, ਅਨਮੋਲ ਚੱਕਲ ਤੇ ਅੰਮ੍ਰਿਤਪਾਲ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …