ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਦਾਨੀ ਸੱਜਣ ਵੱਲੋਂ ‘ਹੋਂਡਾ ਐਕਟਿਵਾ’ ਭੇਂਟ
ਨਬਜ਼-ਏ-ਪੰਜਾਬ, ਮੁਹਾਲੀ, 13 ਫਰਵਰੀ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਾਰ ਸੇਵਾ ਲਈ ਦਾਨੀ ਸੱਜਣ ਵੱਲੋਂ ‘ਹੋਂਡਾ ਐਕਟਿਵਾ’ ਟਾਪ ਮਾਡਲ ਭੇਟ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕੋਈ ਦਾਨੀ ਸੱਜਣ ਇਸ ‘ਹੋਂਡਾ ਐਕਟਿਵਾ’ ਦੀ ਚਾਬੀ ਵਿੱਚ ਲਗਾ ਕੇ ਗੁਰੂਘਰ ਵਿੱਚ ਦਫ਼ਤਰ ਨੇੜੇ ਖੜ੍ਹੀ ਕਰਕੇ ਬਿਨਾ ਕਿਸੇ ਨੂੰ ਦੱਸੇ ਚਲਾ ਗਿਆ। ਪਹਿਰੇਦਾਰ ਦੀ ਸੂਚਨਾ ’ਤੇ ਪ੍ਰਬੰਧਕਾਂ ਨੇ ਦੇਖਿਆ ‘ਹੋਂਡਾ ਐਕਟਿਵਾ’ ਦੇ ਸਾਰੇ ਦਸਤਾਵੇਜ਼ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹਨ। ਕਾਗਜ਼ਾਂ ਮੁਤਾਬਕ ‘ਹੋਂਡਾ ਐਕਟਿਵਾ’ ਦੀ ਕੀਮਤ 94,600 ਰੁਪਏ ਹੈ। ਦਾਨੀ ਸੱਜਣ ਨੇ ਐਕਟਿਵਾ ’ਤੇ ਲੱਗਣ ਵਾਲਾ ਸਾਰਾ ਸਮਾਨ ਵੀ ਖ਼ੁਦ ਲਗਵਾ ਕੇ ਦਿੱਤਾ ਹੈ। ਇਸ ਮਗਰੋਂ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਕੜਾਹਿ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਇਸ ਇਤਿਹਾਸਕ ਅਸਥਾਨ ਦੀ ਸੰਗਤ ਵਿੱਚ ਬਹੁਤ ਮਾਨਤਾ ਹੈ। ਇਸ ਤੋਂ ਪਹਿਲਾਂ ਵੀ ਕਾਫ਼ੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅਸਵਾਰਾ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, ਮਹਿੰਦਰਾ ਮਰਾਜੋ, 3 ਮਾਰੂਤੀ ਈਕੋ, ਮਾਰੂਤੀ ਵਰਸਾ ਗੱਡੀਆਂ ਭੇਟ ਕੀਤੀਆਂ ਗਈਆਂ ਹਨ। ਕਾਰ ਸੇਵਾ ਲਈ ਟਾਟਾ-207, ਟਾਟਾ-709, 2 ਮਹਿੰਦਰਾ ਅਰਜਨ ਟਰੈਕਟਰ, 3 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, 1 ਜੌਨ ਡੀਅਰ ਟਰੈਕਟਰ, ਮਹਿੰਦਰਾ ਪਿੱਕਅੱਪ, 2 ਮਹਿੰਦਰਾ ਯੂਟੀਲੀਟੀ, ਮਹਿੰਦਰਾ ਕੈਂਪਰ, ਮਹਿੰਦਰ ਮਿਨੀ ਟਰੱਕ 3200, ਮੈਕਸ ਪਿਕਅੱਪ, ਟਾਟਾ ਐੱਲਪੀ ਟਰੱਕ, ਅਸ਼ੋਕਾ ਲੇਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਭੇਟ ਕੀਤਾ ਜਾ ਚੁੱਕਾ ਹੈ।