ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ‘ਜੌਨ ਡੀਅਰ-5210 ਟਰੈਕਟਰ ਭੇਟ
ਨਬਜ਼-ਏ-ਪੰਜਾਬ, ਮੁਹਾਲੀ, 5 ਦਸੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਾਰ ਸੇਵਾ ਲਈ ਦਾਨੀ ਸੱਜਣ ਵੱਲੋਂ ‘‘ਜੌਨ ਡੀਅਰ-5210 ਟਰੈਕਟਰ ਭੇਟ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਦਾਨੀ ਸੱਜਣ ਇਹ ‘‘ਜੌਨ ਡੀਅਰ 5210’’ ਡੀ ਲੈਕਸ ਟਾਪ ਮਾਡਲ ਟਰੈਕਟਰ ਗੁਰੂਘਰ ਵਿੱਚ ਨਿਸ਼ਾਨ ਸਾਹਿਬ ਦੇ ਨੇੜੇ ਖੜ੍ਹਾ ਕਰਕੇ ਦਫ਼ਤਰ ਵਿੱਚ ਪ੍ਰਬੰਧਕਾਂ ਨੂੰ ਚਾਬੀਆਂ ਸੌਂਪ ਕੇ ਚਲਾ ਗਿਆ। ਟਰੈਕਟਰ ਦੇ ਸਾਰੇ ਦਸਤਾਵੇਜ਼ ਅਤੇ ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹਨ।
ਕਾਗਜਾਂ ਦੇ ਮੁਤਾਬਕ ਟਰੈਕਟਰ ਦੀ ਕੀਮਤ 14 ਲੱਖ 70 ਹਜ਼ਾਰ ਰੁਪਏ ਹੈ। ਦਾਨੀ ਸੱਜਣ ਵੱਲੋਂ ਟਰੈਕਟਰ ’ਤੇ ਲੱਗਣ ਵਾਲਾ ਸਾਰਾ ਸਮਾਨ ਖ਼ੁਦ ਲਗਵਾ ਕੇ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਕੜਾਹ ਪ੍ਰਸਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ। ਬੁਲਾਰੇ ਨੇ ਦੱਸਿਆ ਕਿ ਸਿੰਘ ਸ਼ਹੀਦਾਂ ਦੇ ਇਸ ਪਵਿੱਤਰ ਅਸਥਾਨ ਪ੍ਰਤੀ ਸੰਗਤ ਵਿੱਚ ਬਹੁਤ ਮਾਨਤਾ ਹੈ। ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ-ਸਮੇਂ ’ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਸਵਾਰਾ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਊ, ਮਹਿੰਦਰਾ ਮਰਾਜੋ, 3 ਮਾਰੂਤੀ ਈਕੋ, ਮਾਰੂਤੀ ਵਰਸਾ ਗੱਡੀਆਂ ਭੇਟ ਕੀਤੀਆਂ ਗਈਆਂ ਹਨ। ਕਾਰ ਸੇਵਾ ਲਈ ਟਾਟਾ-207, ਟਾਟਾ-709, 2 ਮਹਿੰਦਰਾ ਅਰਜਨ ਟਰੈਕਟਰ, 3 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕਅੱਪ, ਮਹਿੰਦਰਾ ਯੂਟੀਲਿਟੀ, ਮਹਿੰਦਰਾ ਕੈਂਪਰ, ਮਹਿੰਦਰਾ ਮਿੰਨੀ ਟਰੱਕ-3200, ਮੈਕਸ ਪਿਕਅੱਪ, ਟਾਟਾ ਐੱਲਪੀ ਟਰੱਕ, ਅਸ਼ੋਕਾ ਲੇਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਭੇਟ ਕੀਤਾ ਜਾ ਚੁੱਕਾ ਹੈ।