Nabaz-e-punjab.com

ਪ੍ਰਧਾਨ ਮੰਤਰੀ ਸਾਹਿਬ ਬਿਪਤਾ ’ਚ ਫਸੇ ਲੋਕਾਂ ਨੂੰ ਮੂਰਖ ਨਾ ਬਣਾਓ: ਬੀਰਦਵਿੰਦਰ ਸਿੰਘ

ਲੋਕਾਂ ਨੂੰ ਮੂਰਖ ਬਣਾਉਣ ਲਈ ਨਿੱਤ ਨਵੇਂ ਢਕਵੰਜ ਰਚ ਰਹੇ ਨੇ ਸਾਡੇ ਪ੍ਰਧਾਨ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 3 ਅਪਰੈਲ:
ਅੱਜ ਸਵੇਰੇ 9 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਬੜੀ ਉਡੀਕ ਸੀ। ਇੰਜ ਜਾਪਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਉਪਜੇ ਹਾਲਾਤ ਬਾਰੇ ਕੋਈ ਨਵੀਆਂ ਜਾਣਕਾਰੀਆਂ ਦੇਸ਼ ਵਾਸੀਆਂ ਨਾਲ ਸਾਂਝੀਆਂ ਕਰਨਗੇ ਤੇ ਭਾਰਤ ਸਰਕਾਰ ਵੱਲੋਂ ਹੁਣ ਤੀਕਰ ਕੀਤੇ ਗਏ, ਸਰਵਪੱਖੀ ਪੁਖਤਾ ਪ੍ਰਬੰਧਾਂ ਅਤੇ ਪੇਸ਼ਬੰਦੀਆਂ ਦਾ ਖੁਲਾਸਾ ਕਰਨਗੇ। ਪਰ ਬੜੀ ਉਦਾਸੀ ਹੋਈ ਜਦੋਂ ਪ੍ਰਧਾਨ ਮੰਤਰੀ ਜੀ ਨੇ ਇੱਕ ਅਵਿਗਿਆਨਿਕ, ਸਿਧਾਂਤਹੀਣ ਅਤੇ ਵਹਿਮ ਭਰਪੂਰ, ਅੰਧ-ਵਿਸ਼ਵਾਸ਼ੀ ਪੈਗਾਮ ਭਾਰਤ ਵਾਸੀਆਂ ਨੂੰ ਦਿੱਤਾ ਕਿ 5 ਅਪ੍ਰੈਲ, ਦਿਨ ਐਤਵਾਰ ਨੂੰ ਰਾਤ ਦੇ 9 ਵਜੇ, ਪਹਿਲਾਂ ਘਰ ਦੀਆਂ ਸਾਰੀਆਂ ਬੱਤੀਆਂ ਬੁਝਾ ਕੇ ਹਨੇਰ੍ਹਾ ਕਰ ਲਵੋ ਤੇ ਫੇਰ ਆਪਣੇ ਘਰਾਂ ਦੇ ਅੰਦਰ ਹੀ ਰਹਿ ਕੇ, ਕੇਵਲ 9 ਮਿੰਟ ਲਈ ਮੋਮਬੱਤੀਆਂ, ਦੀਵੇ ਤੇ ਟਾਰਚ ਜਗਾ ਲਵੋ ਅਤੇ ਇੰਜ ਪ੍ਰਕਾਸ਼ ਵਿੱਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਪ੍ਰਕਾਸ਼ ਨਾਲ ਇਕਸੁਰਤਾ ਦਾ ਇਜ਼ਹਾਰ ਕਰੋ। ਏਡੇ ਵੱਡੇ ਪਾਖੰਡ ਦੀ ਮੈਨੂੰ ਭਾਰਤ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕਤੱਈ ਉਮੀਦ ਨਹੀਂ ਸੀ।
ਪਿਆਰ ਪ੍ਰਧਾਨ ਮੰਤਰੀ ਜੀ ਨਾ ਤਾਂ ਖ਼ੁਦ ਤਮਾਸ਼ਾ ਬਣੋਂ ਅਤੇ ਨਾ ਹੀ ਮੁਸੀਬਤ ਵਿੱਚ ਫਸੇ ਦੇਸ਼ ਵਾਸੀਆਂ ਨੂੰ ਮੂਰਖ ਬਣਾਓ। ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਦੇਸ਼ ਵਾਸੀਆਂ ਲਈ ਚਾਨਣ ਮੁਨਾਰਾ ਹੁੰਦਾ ਹੈ। ਉਸ ਦੀ ਗਿਆਨ ਜੋਤੀ ਤੋਂ ਉਪਜੀ ਸੂਝ, ਸਮੂਹ ਦੇਸ਼ ਵਾਸੀਆਂ ਦਾ ਮਾਰਗ ਦਰਸ਼ਨ ਕਰਦੀ ਹੈ। ਪ੍ਰਧਾਨ ਮੰਤਰੀ ਦਾ ਪੈਗਾਮ ਤਾਂ ਚਿੰਤਤ ਦੇਸ਼ ਵਾਸੀਆਂ ਦੇ ਮਨਾਂ ਅੰਦਰ ਇੱਕ ਨਵੀਂ ਉਮੀਦ ਦੀ ਤਰੰਗ ਤੇ ਊਰਜਾ ਪੈਦਾ ਕਰਨ ਵਾਲਾ ਹੋਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਦਾ ਸੰਦੇਸ਼ ਕਦੇ ਵੀ ਵਿਗਿਆਨਿਕ ਤਰਕਾਂ ਤੋਂ ਸੱਖਣਾ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਉਡੀਕ ਸੀ ਪ੍ਰਧਾਨ ਮੰਤਰੀ ਦੇਸ਼ ਦੀ ਵਿਵਸਥਿਤ ਨਿਪੁੰਨਤਾ ਬਾਰੇ ਕੋਈ ਚਾਨਣਾ ਪਾਊਂਣਗੇ, ਪਰ ਅਫ਼ਸੋਸ ਕਿ ਪ੍ਰਧਾਨ ਮੰਤਰੀ ਦੀ ਕੁਸ਼ਲ ਗਿਆਨ ਜੋਤੀ ਦਾ ਵਿਵੇਕ ਸਿਰਫ਼ ਟੱਲੀਆਂ ਬਜਾਊਂਣ, ਥਾਲੀਆਂ ਖੜਕਾਊਂਣ, ਦੀਵੇ ਅਤੇ ਮੋਮਬੱਤੀਆਂ ਜਗਾਊਂਣ ਤੱਕ ਹੀ ਸਿਮਟ ਕੇ ਰਹਿ ਗਿਆ।
ਪ੍ਰਧਾਨ ਮੰਤਰੀ ਜੀ, ਦੇਸ਼ ਜਾਨਣਾ ਚਾਹੁੰਦਾ ਹੈ ਕਿ ਕੀ ਆਰਜ਼ੀ ਦੀਵੇ ਅਤੇ ਮੋਮਬੱਤੀਆਂ ਸੂਰਜ ਦੇ ਬ੍ਰਹਮੰਡੀ ਪ੍ਰਕਾਸ਼ ਤੇ ਊਰਜਾ ਦੀ ਪ੍ਰਵਾਹਸ਼ੀਲਤਾ ਦਾ ਬਦਲ ਹੋ ਸਕਦੇ ਹਨ? ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਪ੍ਰਕਿਰਤੀ ਦੇ ਸੁਭਾਅ ਅਨੁਸਾਰ, ਆਪਣੀ ਖਸਲਤ ਨੂੰ ਢਾਲਣ ਦੀ ਪ੍ਰੇਰਨਾ ਦਿੱਤੀ ਹੈ।ਗੁਰੂ ਨਾਨਕ ਦੇਵਜੀ ਵੱਲੋਂ ਸ੍ਰੀ ਦੁਆਰਕਾ ਪੁਰੀ ਵਿਖੇ ਉਚਾਰੀ ਗਈ ਆਰਤੀ ਇਸ ਪਰ੍ਰੇਨਾ ਦਾ ਹੀ ਲਖਾਇਕ ਹੈ। ਇਸ ਲਈ ਪ੍ਰਧਾਨ ਮੰਤਰੀ ਜੀ, ਇਸ ਕੁਦਰਤੀ ਕਹਿਰ ਦੇ ਸਮੇਂ ਵਿੱਚ, ਵਹਿਮਾਂ ਅਤੇ ਪਾਖੰਡਾ ਦੀ ਅਟਕਲ-ਪੱਚੂ ਰਾਜਨੀਤੀ ਕਰਨ ਦੀ ਬਜਾਏ ਕੋਈ ਠੋਸ ਉਪਰਾਲੇ ਕਰੋ, ਦੇਸ਼ ਦੇ ਗ਼ਰੀਬ, ਮਜ਼ਦੂਰ ਅਤੇ ਕਿਸਾਨ ਨੂੰ ਬਚਾਓ।ਸੂਰਜ ਦੀ ਕੁਦਰਤੀ ਊਰਜਾ ਅਤੇ ਪ੍ਰਕਾਸ਼ ਤੇ ਵਿਸ਼ਵਾਸ਼ ਕਰੋ। ਬਿਪਤਾ ਵਿੱਚ ਫਸੇ ਲੋਕਾਂ ਨੂੰ ਮੂਰਖ ਬਣਾਊਂਣ ਲਈ, ਨਿਤ ਨਵੇਂ ਢਕਵੰਜ ਤੇ ਪਖੰਡ ਰਚਣੇ ਹੁਣ ਬੰਦ ਕਰ ਦਿਓ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …