ਮੁਹਾਲੀ ਵਿੱਚ ਕੈਂਸਰ ਨੇ ਪੈਰ ਪਸਾਰੇ, ਘਰ-ਘਰ ਜਾ ਕੇ ਦਿੱਤੀਆਂ ਕੈਂਸਰ ਜਾਂਚ ਰਿਪੋਰਟਾਂ

ਕੈਂਸਰ ਦੀ ਰੋਕਥਾਮ ਲਈ ਕੇਂਦਰ ਤੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸੁਹਿਰਦ ਯਤਨਾਂ ਦੀ ਲੋੜ: ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਪੰਜਾਬ ਦੇ ਮਾਲਵਾ ਖੇਤਰ ਤੋਂ ਬਾਅਦ ਹੁਣ ਮੁਹਾਲੀ ਵਿੱਚ ਵੀ ਕੈਂਸਰ ਨੇ ਆਪਣੇ ਪੈਰ ਪਸਾਰ ਲਏ ਹਨ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਆਪਣੇ ਸਾਥੀਆਂ ਵੱਲੋਂ ਪਿਛਲੇ ਦਿਨੀਂ ਲਗਾਏ ਗਏ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਦੌਰਾਨ ਸ਼ੱਕੀ ਮਰੀਜ਼ਾਂ ਦੇ ਲਏ ਸੈਂਪਲਾਂ ਦੀਆਂ ਰਿਪੋਰਟ ਮਿਲ ਗਈ ਹੈ। ਜਿਨ੍ਹਾਂ ਵਿੱਚ ਕਈ ਵਿਅਕਤੀ ਕੈਂਸਰ ਤੋਂ ਪੀੜਤ ਅਤੇ ਕੁੱਝ ਸ਼ੱਕੀ ਮਰੀਜ਼ ਪਾਏ ਗਏ ਹਨ। ਪੀੜਤਾਂ ’ਚ ਅੌਰਤਾਂ ਦੀ ਗਿਣਤੀ ਵੱਧ ਹੈ। ਉਂਜ ਇਲਾਕੇ ਦੇ ਕਈ ਲੋਕ ਕੈਂਸਰ ਤੋਂ ਪੀੜਤ ਹਨ। ਜਿਨ੍ਹਾਂ ਦਾ ਪੀਜੀਆਈ ਸਮੇਤ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਚਲ ਰਿਹਾ ਹੈ।
ਸ੍ਰੀ ਧਨੋਆ ਨੇ ਅੱਜ ਘਰ-ਘਰ ਜਾ ਕੇ ਕੈਂਸਰ ਜਾਂਚ ਦੀਆਂ ਰਿਪੋਰਟਾਂ ਸੌਂਪੀਆਂ। ਉਨ੍ਹਾਂ ਦੱਸਿਆ ਕਿ ਅੌਰਤਾਂ ਦੇ 44 ਮੈਮੋਗਰਾਫ਼ੀ ਟੈੱਸਟ ਕੀਤੇ ਗਏ ਸਨ। ਜਿਨ੍ਹਾਂ ’ਚੋਂ ਅੱਠ ਅੌਰਤਾਂ ਕੈਂਸਰ ਤੋਂ ਪੀੜਤ ਹਨ ਜਦੋਂਕਿ 20 ਅੌਰਤਾਂ ਦੀਆਂ ਰਿਪੋਰਟਾਂ ਵਿੱਚ ਸ਼ੱਕੀ ਲੱਛਣ ਮਿਲੇ ਹਨ ਜਦੋਂਕਿ 91 ਪੀਐਸਏ ਟੈੱਸਟਾਂ ’ਚੋਂ 4 ਵਿਅਕਤੀ ਕੈਂਸਰ ਤੋਂ ਪੀੜਤ ਅਤੇ 16 ਜਣਿਆਂ ਦੀ ਸ਼ੱਕੀ ਰਿਪੋਰਟਾਂ ਹਨ। ਇਨ੍ਹਾਂ ਪੁਰਸ਼ ਅਤੇ ਅੌਰਤਾਂ ਨੂੰ ਮਾਹਰਾਂ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਉਣ ਲਈ ਕਿਹਾ ਗਿਆ ਹੈ ਜਦੋਂਕਿ ਸ਼ੱਕੀ ਮਰੀਜ਼ਾਂ ਨੂੰ ਵੀ ਮੈਡੀਕਲ ਸਲਾਹ ਲੈਣ ਲਈ ਕਿਹਾ ਗਿਆ ਹੈ। ਮੂੰਹ ਦੇ ਕੈਂਸਰ ਦੇ 250 ਸੈਂਪਲ ਅਤੇ 25 ਪੈਪਸ ਸਮੀਅਰ ਸੈਂਪਲਾਂ ਦੀਆਂ ਰਿਪੋਰਟਾਂ ਲਗਪਗ ਠੀਕ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਰਿਪੋਰਟਾਂ ਅਨੁਸਾਰ ਇਸ ਖੇਤਰ ਵਿੱਚ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਕੈਂਸਰ ਦੇ ਕੇਸਾਂ ਵਿੱਚ ਸਰਕਾਰੀ ਮਦਦ ਨਾ ਮਾਤਰ ਹੀ ਮਿਲਦੀ ਹੈ ਕਿਉਂਕਿ ਇਲਾਜ ਦੇ ਖ਼ਰਚਿਆਂ ਨਾਲ ਮਰੀਜ਼ ਅਤੇ ਪਰਿਵਾਰ ਦਾ ਮਾਨਸਿਕ ਅਤੇ ਆਰਥਿਕ ਪੱਖੋਂ ਲੱਕ ਟੁੱਟ ਜਾਂਦਾ ਹੈ। ਉਂਜ ਵੀ ਉਹ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਸਰਕਾਰ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ।
ਸਮਾਜ ਸੇਵੀ ਤੇ ਸਾਬਕਾ ਕੌਂਸਲਰ ਡਾ. ਪਵਨ ਕੁਮਾਰ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਚੁਣੇ ਹੋਏ ਨੁਮਾਇੰਦਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਾ ਪਤਾ ਲੱਗਣ ’ਤੇ ਮਰੀਜ਼ ਦੇ ਘਰ ਜਾ ਕੇ ਫੌਰੀ ਵਿੱਤੀ ਮਦਦ ਅਤੇ ਮੈਡੀਕਲ ਸੁਵਿਧਾ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਕੈਂਸਰ ਨਾਲ ਮਰਨ ਵਾਲਿਆਂ ਦੀ ਮੌਤ ਦਰ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਪੱਧਰ ’ਤੇ ਅਜਿਹੇ ਸਮਾਜ ਸੁਧਾਰ ਅਤੇ ਇਹੋ ਜਿਹੀਆਂ ਬਿਮਾਰੀਆਂ ਦੇ ਟਾਕਰੇ ਲਈ ਕਾਫ਼ੀ ਮਾਤਰਾ ਵਿੱਚ ਫੰਡ ਉਪਲਬਧ ਹੁੰਦੇ ਹਨ ਪ੍ਰੰਤੂ ਸਮਾਜ ਭਲਾਈ ਲਈ ਸਰਕਾਰੀ ਅਤੇ ਸਿਆਸੀ ਲੋਕਾਂ ਵਿੱਚ ਇੱਛਾ ਸ਼ਕਤੀ ਦੀ ਘਾਟ ਹੋਣ ਕਾਰਨ ਇਹ ਫੰਡ ਲੋੜਵੰਦਾਂ ਤੱਕ ਨਹੀਂ ਪਹੁੰਚ ਪਾਉਂਦੇ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …