nabaz-e-punjab.com

ਦਾਜ ਲਈ ਤੰਗ ਪ੍ਰਸ਼ਾਨ ਕਰਨ ਦਾ ਮਾਮਲਾ: ਮੌਲੀ ਬੈਦਵਾਨ ਦੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ

ਸੀਨੀਅਰ ਅਕਾਲੀ ਆਗੂ ਅਵਤਰ ਸਿੰਘ ਮੌਲੀ ਬੈਦਵਾਨ ਨੂੰ ਵੀ ਅਸਲਾ ਐਕਟ ਤਹਿਤ ਕੀਤਾ ਨਾਮਜ਼ਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਸੋਹਾਣਾ ਪੁਲੀਸ ਨੇ ਪਿੰਡ ਮੌਲੀ ਬੈਦਵਾਨ ਦੀ ਅੌਰਤ ਕੁਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਉਸ ਨੂੰ ਦਾਜ ਲਈ ਲਈ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਉਸ ਦੇ ਪਤੀ ਗੁਰਮੀਤ ਸਿੰਘ, ਸੱਸ ਬਲਜਿੰਦਰ ਕੌਰ, ਸਹੁਰਾ ਲਾਭ ਸਿੰਘ, ਚਾਚਾ ਸਹੁਰਾ ਅਜੈਬ ਸਿੰਘ, ਦਿਉਰ ਕਮਲਜੀਤ ਸਿੰਘ ਖ਼ਿਲਾਫ਼ ਧਾਰਾ-323, 341, 506, 354, 498ਏ, 148, 149 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅੌਰਤ ਦਾ ਪਤੀ ਪੁਲੀਸ ਮੁਲਾਜ਼ਮ ਹੈ, ਜੋ ਇਸ ਸਮੇਂ ਦਿੱਲੀ ਏਅਰਪੋਰਟ ਪੋਰਟ ’ਤੇ ਤਾਇਨਾਤ ਹੈ। ਇਸ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਨੂੰ ਵੀ ਅਸਲਾ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਹੈ। ਜਦੋਂਕਿ ਸਚਾਈ ਇਹ ਹੈ ਕਿ ਅਕਾਲੀ ਆਗੂ ਦਾ ਅਸਲਾ ਬਲਾਕ ਸਮਿਤੀ ਚੋਣਾਂ ਵੇਲੇ ਤੋਂ ਹੀ ਥਾਣੇ ਵਿੱਚ ਜਮ੍ਹਾ ਪਿਆ ਹੈ।
ਪੀੜਤ ਅੌਰਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਵਿਆਹ 26 ਫਰਵਰੀ 2011 ਵਿੱਚ ਗੁਰਮੀਤ ਸਿੰਘ ਵਾਸੀ ਪਿੰਡ ਮੌਲੀ ਬੈਦਵਾਨ ਨਾਲ ਹੋਇਆ ਸੀ ਅਤੇ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਸੋਨੇ ਚਾਂਦੀ ਦੇ ਗਹਿਣੇ ਅਤੇ ਬੁਲਟ ਮੋਟਰ ਸਾਈਕਲ ਸਮੇਤ ਵਧੇਰੇ ਦਹੇਜ ਦਿੱਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ ਸਹੁਰੇ ਪਰਿਵਾਰ ਨੇ ਉਸ ਨੂੰ ਹੋਰ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਰਹੀ ਹੈ। ਇਸ ਸਬੰਧੀ ਕਈ ਵਾਰ ਪੰਚਾਇਤਾਂ ਜੁੜੀਆਂ ਅਤੇ ਮਾਪੇ ਅਕਸਰ ਉਸ ਨੂੰ ਸਮਝਾ ਕੇ ਸਹੁਰੇ ਘਰ ਭੇਜ ਦਿੰਦੇ ਸੀ, ਪ੍ਰੰਤੂ ਹੁਣ ਵੀ ਉਹ ਅਪਰੈਲ ਮਹੀਨੇ ਤੋਂ ਆਪਣੇ ਪੇਕੇ ਘਰ ਪਿੰਡ ਕੰਬਾਲਾ ਰਹਿ ਰਹੀ ਸੀ ਅਤੇ ਬੀਤੀ 7 ਅਕਤੂਬਰ ਨੂੰ ਉਹ ਮੁੜ ਆਪਣੇ ਸਹੁਰੇ ਘਰ ਵਾਪਸ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਫੜ ਕੇ ਬੂਰੀ ਤਰ੍ਹਾਂ ਕੁੱਟਿਆਂ ਅਤੇ ਅਕਾਲੀ ਆਗੂ ਅਵਤਾਰ ਸਿੰਘ ਨੇ ਉਸ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਉਧਰ, ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਨੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੀ ਸ਼ਹਿ ’ਤੇ ਉਸ ਦੇ ਖ਼ਿਲਾਫ਼ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਪਿਸਤੌਲ ਅਤੇ 315 ਬੋਰ ਦੀ ਰਾਈਫਲ ਪਿਛਲੇ ਕਈ ਮਹੀਨਿਆਂ ਤੋਂ ਥਾਣੇ ਵਿੱਚ ਜਮਾਂ ਹੈ, ਜਿਸ ਦੀ ਉਨ੍ਹਾਂ ਕੋਲ ਰਸੀਦ ਵੀ ਮੌਜੂਦ ਹੈ। ਬਲਾਕ ਸਮਿਤੀ ਚੋਣਾਂ ਵਿੱਚ ਉਸ ਦੀ ਵੱਡੀ ਜਿੱਤ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਜਿਸ ਕਾਰਨ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਪੀੜਤ ਅੌਰਤ ਨੂੰ ਮੋਹਰਾ ਬਣਾ ਰਹੀ ਹੈ। ਚੋਣਾਂ ਵੇਲੇ ਵੀ ਕਾਂਗਰਸੀਆਂ ਦੀ ਧੱਕੇਸ਼ਾਹੀ ਖ਼ਿਲਾਫ਼ ਧਰਨੇ ਦੇਣੇ ਪਏ ਸੀ। ਇਸ ਸਬੰਧੀ ਉਨ੍ਹਾਂ ਨੇ ਐਸਐਸਪੀ ਦਫ਼ਤਰ ਵਿੱਚ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਅਕਾਲੀ ਆਗੂ ਨੇ ਆਪਣੀ ਜ਼ਮਾਨਤ ਕਰਵਾਉਣ ਲਈ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਜਿਸ ’ਤੇ 16 ਅਕਤੂਬਰ ਨੂੰ ਸੁਣਵਾਈ ਹੋਵੇਗੀ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…