ਉਦਘਾਟਨ ਸਮਾਰੋਹ ਵਿੱਚ ਦਰਜਨਾਂ ਆਗੂਆਂ ਦੇ ਪਰਸ ਤੇ ਮੋਬਾਈਲ ਚੋਰੀ

ਅਮਰੀਕ ਸਿੰਘ ਬਿੱਲਾ ਨੇ ਸੋਹਾਣਾ ਥਾਣੇ ਵਿੱਚ ਪਰਸ ਚੋਰੀ ਹੋਣ ਬਾਰੇ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਇੱਥੋਂ ਦੇ ਸੈਕਟਰ-82 ਸਥਿਤ ਸਨਅਤੀ ਪਲਾਟ ਨੰਬਰ-92 ਵਿੱਚ ਖੋਲ੍ਹੇ ਪਾਰਟੀ ਦੇ ਮੁੱਖ ਦਫ਼ਤਰ ਦੇ ਉਦਘਾਟਨ ਸਮਾਰੋਹ ਦੌਰਾਨ ਦਰਜਨ ਆਗੂਆਂ ਅਤੇ ਵਰਕਰਾਂ ਦੇ ਪਰਸ ਅਤੇ ਮੋਬਾਈਲ ਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਅਤੇ ਅਮਰੀਕ ਸਿੰਘ ਬਿੱਲਾ (ਥੂਹਾ) ਨੇ ਸੋਹਾਣਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕ ਸਿੰਘ ਬਿੱਲਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਪਾਰਟੀ ਦਫ਼ਤਰ ਦੇ ਉਦਘਾਟਨ ਮੌਕੇ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ ਅਤੇ ਪੰਡਾਲ ਵਿੱਚ ਉਸ ਦਾ ਪਰਸ ਚੋਰੀ ਹੋ ਗਿਆ। ਜਿਸ ਵਿੱਚ 50 ਹਜ਼ਾਰ ਰੁਪਏ ਤੋਂ ਵੱਧ ਨਗਦੀ ਸਮੇਤ ਡਰਾਈਵਰ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਬਿੱਲਾ ਨੇ ਦੱਸਿਆ ਕਿ ਉਸ ਨੇ ਪਿੰਡ ਮਨੌਲੀ ਦੇ ਬੰਦਿਆਂ ਤੋਂ ਆਪਣੇ ਪਿੰਡ ਵਿੱਚ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ ਬੁੱਧਵਾਰ ਨੂੰ ਉਸ ਨੇ ਜ਼ਮੀਨੀ ਠੇਕੇ ਦੇ 50 ਹਜ਼ਾਰ ਰੁਪਏ ਦੇਣੇ ਸੀ ਪ੍ਰੰਤੂ ਸਮਾਗਮ ਵਿੱਚ ਉਸ ਦਾ ਪਰਸ ਚੋਰੀ ਹੋ ਗਿਆ। ਇਸ ਤੋਂ ਇਲਾਵਾ ਦਰਜਨ ਹੋਰਨਾਂ ਵਿਅਕਤੀਆਂ ਦੇ ਪਰਸ ਅਤੇ ਮੋਬਾਈਲ ਫੋਨ ਚੋਰੀ ਹੋ ਗਏ ਹਨ।
ਮੰਚ ਸੰਚਾਲਕ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਉਦਘਾਟਨ ਸਮਾਰੋਹ ਦੌਰਾਨ ਲਗਭਗ ਦਰਜਨ ਤੋਂ ਵੱਧ ਆਗੂਆਂ ਅਤੇ ਵਰਕਰਾਂ ਦੇ ਪਰਸ ਅਤੇ ਮੋਬਾਈਲ ਫੋਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਖਾਲੀ ਪਰਸ ਅਤੇ ਇਕ ਮੋਬਾਈਲ ਫੋਨ ਮਿਲ ਵੀ ਗਿਆ ਸੀ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਨਾਂ ਦੇ ਵਿਅਕਤੀ ਦਾ ਪੰਡਾਲ ਨੇੜਿਓਂ ਖਾਲੀ ਪਰਸ ਮਿਲਿਆ ਹੈ। ਸ਼ਰਾਰਤੀ ਅਨਸਰਾਂ ਨੇ ਪਰਸ ’ਚੋਂ ਪੈਸੇ ਕੱਢ ਕੇ ਝਾੜੀਆਂ ਵਿੱਚ ਸੁੱਟ ਦਿੱਤਾ ਸੀ। ਉਂਜ ਪਰਸ ਵਿੱਚ ਦੁਬਈ ਦਾ ਡਰਾਈਵਿੰਗ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਇੰਜ ਹੀ ਪ੍ਰੇਮ ਕੁਮਾਰ ਨੂੰ ਉਸ ਦਾ ਚੋਰੀ ਪਰਸ ਖਾਲੀ ਮਿਲਿਆ ਹੈ। ਇਕ ਮੋਬਾਈਲ ਫੋਨ ਵੀ ਪੰਡਾਲ ’ਚੋਂ ਮਿਲ ਗਿਆ ਹੈ। ਜਦੋਂਕਿ ਬਾਕੀ ਪਰਸ ਅਤੇ ਮੋਬਾਈਲ ਨਹੀਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸੋਹਾਣਾ ਥਾਣੇ ਵਿੱਚ ਅਮਰੀਕ ਸਿੰਘ ਬਿੱਲਾ ਨੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…