Share on Facebook Share on Twitter Share on Google+ Share on Pinterest Share on Linkedin ਕੰਮ ਦੀ ਭਾਲ ਵਿੱਚ ਮੁਹਾਲੀ ਆਏ ਦਰਜਨ ਨੌਜਵਾਨ ਕਰਫਿਊ ’ਚ ਫਸੇ, ਮਾਪੇ ਚਿੰਤਤ ਮੁਹਾਲੀ ਪ੍ਰਸ਼ਾਸਨ ਹੁਣ ਬਾਹਰ ਜਾਣ ਨਹੀਂ ਦੇ ਰਿਹਾ, ਧਾਰਮਿਕ ਸੰਸਥਾਵਾਂ ਨੇ ਵੀ ਬੂਹੇ ਕੀਤੇ ਬੰਦ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਦੋ ਵਕਤ ਦੀ ਰੋਟੀ ਦੇਣ ਦੀ ਹਾਮੀ ਭਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ: ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੂੰ ਠੱਲ੍ਹਣ ਲਈ ਪੰਜਾਬ ਵਿੱਚ ਸਖ਼ਤੀ ਨਾਲ ਲਾਗੂ ਕਰਫਿਊ ਕਾਰਨ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਦਰਜਨ ਭਰ ਨੌਜਵਾਨ ਮੁਹਾਲੀ ਵਿੱਚ ਫਸੇ ਹੋਏ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਰੁਜ਼ਗਾਰ ਦੀ ਭਾਲ ਵਿੱਚ ਕਈ ਦਿਨ ਪਹਿਲਾਂ ਮੁਹਾਲੀ ਆਏ ਸੀ ਅਤੇ ਬੀਤੇ ਕੱਲ੍ਹ ਕਰਫਿਊ ਲਾਗੂ ਹੋਣ ਕਾਰਨ ਉਹ ਇੱਥੇ ਫਸ ਗਏ ਹਨ। ਨਾ ਤਾਂ ਪ੍ਰਸ਼ਾਸਨ ਉਨ੍ਹਾਂ ਨੂੰ ਜਾਣ ਦੇ ਰਿਹਾ ਹੈ ਅਤੇ ਨਾ ਹੀ ਧਾਰਮਿਕ ਸੰਸਥਾਵਾਂ ਉਨ੍ਹਾਂ ਨੂੰ ਰਹਿਣ ਅਤੇ ਖਾਣਾ ਦੇਣ ਲਈ ਤਿਆਰ ਹਨ। ਇਸ ਮਗਰੋਂ ਇਨ੍ਹਾਂ ਪੀੜਤ ਨੌਜਵਾਨਾਂ ਨੇ ਅੱਜ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨਾਲ ਮੁਲਾਕਾਤ ਕੀਤੀ ਅਤੇ ਮਦਦ ਦੀ ਗੁਹਾਰ ਲਗਾਈ। ਪੀੜਤ ਨੌਜਵਾਨਾਂ ਵਿੱਚ ਅਜੀਤ ਸਿੰਘ ਵਾਸੀ ਨਵਾਂ ਸ਼ਹਿਰ, ਦਲਜੀਤ ਸਿੰਘ ਵਾਸੀ ਪਿੰਡ ਦੋਧਰ (ਮੋਗਾ), ਗੁਰਤੇਜ ਸਿੰਘ ਵਾਸੀ ਪਿੰਡ ਮਾਸੀਕੇ (ਮੋਗਾ), ਰਾਜਦੀਪ ਸਿੰਘ ਜੇਲ੍ਹਾਂ ਕਲਾਂ (ਮੋਗਾ), ਹਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਸਿਮਰਨ ਸਿੰਘ ਸਾਰੇ ਵਾਸੀ ਪਿੰਡ ਬੁੱਗੀਪੁਰਾ (ਮੋਗਾ), ਗੁਰੂ ਸਿੰਘ ਵਾਸੀ ਤਪਾ (ਬਰਨਾਲਾ), ਸੰਜੇ ਵਰਮਾ ਅਤੇ ਗਗਨ ਗੋਨੀ, ਰਾਹੁਲ ਕੁਮਾਰ ਸਾਰੇ ਵਾਸੀ ਸਿਰਸਾ ਸ਼ਾਮਲ ਹਨ। ਇਹ ਸਾਰੇ ਨੌਜਵਾਨ ਬੇਰੁਜ਼ਗਾਰ ਹਨ ਅਤੇ ਇੱਥੇ ਕੰਮ ਦੀ ਭਾਲ ਵਿੱਚ ਆਏ ਸੀ। ਉਧਰ, ਪਿੱਛੇ ਇਨ੍ਹਾਂ ਨੌਜਵਾਨਾਂ ਦੇ ਮਾਪੇ ਵੀ ਕਾਫੀ ਚਿੰਤਤ ਹਨ। ਸ੍ਰੀ ਕੁੰਭੜਾ ਨੇ ਇਨ੍ਹਾਂ ਨੌਜਵਾਨਾਂ ਨੂੰ ਚਾਹ ਨਾਸ਼ਤਾ ਕਰਵਾਇਆ ਅਤੇ ਦੁਪਹਿਰ ਦਾ ਭੋਜਨ ਪਰੋਸਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਮੁਹਾਲੀ ਪ੍ਰਸ਼ਾਸਨ ਨਾਲ ਵੀ ਤਾਲਮੇਲ ਕਰਕੇ ਪੀੜਤ ਨੌਜਵਾਨਾਂ ਦੀ ਮਦਦ ਦੀ ਅਪੀਲ ਕੀਤੀ ਲੇਕਿਨ ਪ੍ਰਸ਼ਾਸਨ ਨੇ ਪੱਲਾ ਨਹੀਂ ਫੜਾਇਆ ਅਤੇ ਇਕ ਅਧਿਕਾਰੀ ਦੇ ਦਫ਼ਤਰੀ ਸਟਾਫ਼ ਨੇ ਉਨ੍ਹਾਂ ਨੂੰ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨਾਲ ਸੰਪਰਕ ਸਾਧਨ ਲਈ ਕਿਹਾ ਗਿਆ। ਇਸ ਮਗਰੋਂ ਉਨ੍ਹਾਂ ਨੇ ਕਮਿਸ਼ਨਰ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੀੜਤ ਨੌਜਵਾਨਾਂ ਨੂੰ ਦੋ ਵਕਤ ਦੀ ਰੋਟੀ ਮੁਹੱਈਆ ਕਰਵਾਉਣ ਦੀ ਹਾਮੀ ਭਰੀ। ਇਸ ਮੌਕੇ ਰਾਜਦੀਪ ਸਿੰਘ ਮੋਗਾ ਨੇ ਦੱਸਿਆ ਕਿ ਉਹ 13 ਕੁ ਦਿਨ ਪਹਿਲਾਂ ਸੁਰੱਖਿਆ ਗਾਰਡ ਦੀ ਨੌਕਰੀ ਦੀ ਭਾਲ ਵਿੱਚ ਆਇਆ ਸੀ ਲੇਕਿਨ ਉਸ ਨੂੰ ਨੌਕਰੀ ਤਾਂ ਨਹੀਂ ਮਿਲੀ ਪਰ ਕਰਫਿਊ ਕਾਰਨ ਬੂਰੀ ਤਰ੍ਹਾਂ ਫਸ ਗਿਆ ਹੈ। ਪਿੱਛੇ ਉਨ੍ਹਾਂ ਦੇ ਪਰਿਵਾਰ ਵਾਲੇ ਕਾਫੀ ਚਿੰਤਾ ਕਰ ਰਹੇ ਹਨ। ਅਜੀਤ ਸਿੰਘ ਨਵਾਂ ਸ਼ਹਿਰ ਨੇ ਦੱਸਿਆ ਕਿ ਉਹ ਹਫ਼ਤਾ ਪਹਿਲਾਂ ਕੀਰਤਨ ਡਿਊਟੀ ਦੀ ਭਾਲ ਵਿੱਚ ਆਇਆ ਸੀ ਪਰ ਕਿਸੇ ਗੁਰਦੁਆਰੇ ਵਿੱਚ ਕੀਰਤਨ ਦੀ ਸੇਵਾ ਨਹੀਂ ਮਿਲੀ। ਇਸੇ ਤਰ੍ਹਾਂ ਦਲਜੀਤ ਸਿੰਘ ਦੋਧਰ ਦਾ ਕਹਿਣਾ ਹੈ ਕਿ ਉਹ ਵੀ 15 ਦਿਨ ਪਹਿਲਾਂ ਕੀਰਤਨ ਡਿਊਟੀ ਲੱਭਣ ਆਇਆ ਸੀ ਪਰ ਹੁਣ ਕਰਫਿਊ ਵਿੱਚ ਫਸ ਗਿਆ ਹੈ। ਹਰਮਨਦੀਪ ਸਿੰਘ ਉਹ ਕਰੀਬ 12 ਦਿਨ ਪਹਿਲਾਂ ਕਾਲ ਸੈਂਟਰ ਵਿੱਚ ਨੌਕਰੀ ਲੱਗਣ ਲਈ ਆਇਆ ਸੀ ਪਰ ਕਿਸੇ ਕਾਲ ਸੈਂਟਰ ਵਿੱਚ ਨੌਕਰੀ ਨਹੀਂ ਮਿਲੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ