
ਪਾਣੀ ਦੀ ਟੈਂਕੀ ’ਤੇ ਚੜ੍ਹੇ ਡੀਪੀਈ ਉਮੀਦਵਾਰ ਨੇ ਪੈਟਰੋਲ ਛਿੜਕ ਕੇ ਖ਼ੁਦਕੁਸ਼ੀ ਦਾ ਯਤਨ
ਮੁਹਾਲੀ ਪ੍ਰਸ਼ਾਸਨ ਨੇ ਤਿੰਨੇ ਉਮੀਦਵਾਰਾਂ ਨੂੰ ਥੱਲੇ ਉਤਾਰਿਆ, ਸਰਕਾਰੀ ਹਸਪਤਾਲ ’ਚ ਕੀਤੇ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ 20 ਦਸੰਬਰ ਨੂੰ ਚੁਣੇ ਗਏ 168 ਡਿਪਲੋਮਾ ਆਫ਼ ਫਿਜ਼ੀਕਲ ਐਜੂਕੇਸ਼ਨ (ਡੀਪੀਈ) ਉਮੀਦਵਾਰਾਂ ਦੀ ਸੂਚੀ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਇਤਿਹਾਸਕ ਪਿੰਡ ਸੋਹਾਣਾ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਇੱਕ ਉਮੀਦਵਾਰ ਲਖਵੀਰ ਸਿੰਘ ਨੇ ਸਰਕਾਰ ’ਤੇ ਦਬਾਅ ਪਾਉਣ ਲਈ ਅੱਜ ਦੁਪਹਿਰ ਸਮੇਂ ਆਪਣੇ ਉੱਤੇ ਪੈਟਰੋਲ ਛਿੜਕ ਕੇ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਲੇਕਿਨ ਸਮਾਂ ਰਹਿੰਦੇ ਉਸ ਨੂੰ ਬਚਾਅ ਲਿਆ ਗਿਆ। ਖ਼ੁਦਕੁਸ਼ੀ ਦੇ ਐਕਸ਼ਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਾਅਦ ਵਿੱਚ ਪੁਲੀਸ ਨੇ ਐਂਬੂਲੈਂਸ ਰਾਹੀਂ ਲਖਵੀਰ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਇੰਜ ਹੀ ਉਸ ਦੇ ਬਾਕੀ ਦੋ ਸਾਥੀਆਂ ਨੂੰ ਟੈਂਕੀ ਤੋਂ ਥੱਲੇ ਉਤਾਰ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਠੰਢ ਲੱਗਣ ਕਾਰਨ ਇਨ੍ਹਾਂ ਉਮੀਦਵਾਰਾਂ ਦੀ ਤਬੀਅਤ ਵਿਗੜ ਗਈ ਸੀ।
ਇਸ ਤੋਂ ਪਹਿਲਾਂ ਇਹ ਸਾਰੇ ਉਮੀਦਵਾਰ ਮੁਹਾਲੀ ਸਥਿਤ ਡੀਪੀਆਈ ਅਤੇ ਡੀਜੀਐਸਈ ਦਫ਼ਤਰ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਸਨ ਅਤੇ ਪਿਛਲੇ ਤਿੰਨ ਦਿਨਾਂ ਤੋਂ ਪੁਲੀਸ ਨੂੰ ਝਕਾਨੀ ਦੇ ਕੇ ਉਕਤ ਤਿੰਨ ਉਮੀਦਵਾਰ ਸੋਹਾਣਾ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਸਨ। ਜਦਕਿ ਬਾਕੀ ਸਾਥੀ ਟੈਂਕੀ ਥੱਲੇ ’ਤੇ ਧਰਨਾ ਲਗਾ ਕੇ ਬੈਠੇ ਸਨ।
ਇਸ ਮੌਕੇ ਮਨਪ੍ਰੀਤ ਸਿੰਘ, ਬਖ਼ਸ਼ੀਸ਼ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ ਸਮੇਤ ਹੋਰਨਾਂ ਉਮੀਦਵਾਰਾਂ ਨੇ ਕਿਹਾ ਕਿ ਡੀਪੀਈ ਦੀ ਅਸਾਮੀ ਲਈ ਸਕਰੂਟਨੀ ਵਿੰਚ ਹਾਜ਼ਰ ਹੋ ਚੁੱਕੇ ਉਮੀਦਵਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਲਗਾਈ ਪੀਐਸ ਟੈੱਟ ਦੀ ਸ਼ਰਤ ਹਟਾ ਕੇ ਡੀਪੀਈ ਵਿਸ਼ੇ ਦੀ ਸੂਚੀ ਜਲਦ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੰਗਰੂਰ ਵਿਖੇ ਧਰਨਾ ਲਗਾਉਣ ਤੋਂ ਇਲਾਵਾ ਹੁਣ ਮੁਹਾਲੀ ਵਿਖੇ ਡੀਪੀਆਈ ਸੈਕੰਡਰੀ ਅਤੇ ਡੀਜੀਐਸਸੀ ਨਾਲ ਮੁਲਾਕਾਤ ਵੀ ਕੀਤੀ ਜਾ ਚੁੱਕੀ ਹੈ ਪ੍ਰੰਤੂ ਉਨ੍ਹਾਂ ਦੀ ਕੋਈ ਗੱਲ ਸੁਣਨ ਨੂੰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਫੇਜ਼-3ਬੀ1 ਦੇ ਬਾਹਰ ਵੀ ਧਰਨਾ ਲਗਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਸਸੀਈਆਰਟੀ ਵੱਲੋਂ ਡੀਪੀਈ ਵਿਸ਼ੇ ਦੇ ਪੀਐਸ ਟੈੱਟ ਸਬੰਧੀ ਉਨ੍ਹਾਂ ਨੂੰ ਕੁੱਝ ਵੀ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਜਾ ਰਿਹਾ। ਉਮੀਦਵਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਮਾੜੀਆਂ ਨੀਤੀਆਂ ਤੋਂ ਅੱਕ ਕੇ ਉਨ੍ਹਾਂ ਨੂੰ ਹੱਡ ਚੀਰਵੀਂ ਠੰਢ ਵਿੱਚ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।