
ਡੀਪੀਈ ਉਮੀਦਵਾਰਾਂ ਦਾ ਲੜੀਵਾਰ ਧਰਨਾ ਜਾਰੀ, ਡੀਟੀਐਫ਼ ਵੱਲੋਂ ਸੰਘਰਸ਼ ਦੀ ਹਮਾਇਤ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ ਦਸੰਬਰ ਵਿੱਚ ਚੁਣੇ ਗਏ 168 ਡਿਪਲੋਮਾ ਆਫ਼ ਫਿਜ਼ੀਕਲ ਐਜੂਕੇਸ਼ਨ (ਡੀਪੀਈ) ਉਮੀਦਵਾਰਾਂ ਦੀ ਸੂਚੀ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਇਤਿਹਾਸਕ ਪਿੰਡ ਸੋਹਾਣਾ ਦੀ ਪਾਣੀ ਵਾਲੀ ਟੈਂਕੀ ਥੱਲੇ ਲੜੀਵਾਰ ਧਰਨਾ ਜਾਰੀ ਹੈ। ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ਼) ਨੇ ਬੇਰੁਜ਼ਗਾਰ ਡੀਪੀਈ ਉਮੀਦਵਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ 4161 ਮਾਸਟਰ ਕਾਡਰ ਅਸਾਮੀਆਂ ’ਤੇ ਗੌਰ ਕਰਨ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਵੀ ਕੀਤੀ।
ਡੀਟੀਐੱਫ਼ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਨੇ ਦੱਸਿਆ ਕਿ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਵੱਲੋਂ ਪੇਸ਼ੇਵਰ ਅਤੇ ਅਕਾਦਮਿਕ ਸਿੱਖਿਆ ਪਾਸ ਕੀਤੀ ਹੋਈ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ 4161 ਮਾਸਟਰ ਕਾਡਰ ਅਸਾਮੀਆਂ ਵਿੱਚ ਫਿਜ਼ੀਕਲ ਅਧਿਆਪਕਾਂ ਲਈ 168 ਅਸਾਮੀਆਂ ਦੀ ਭਰਤੀ ’ਤੇ ਅਧਿਆਪਕ ਯੋਗਤਾ ਟੈਸਟ (ਟੈੱਟ) ਦੀ ਸ਼ਰਤ ਲਗਾ ਦਿੱਤੀ ਹੈ। ਜਦਕਿ ਹਕੀਕਤ ਇਹ ਹੈ ਕਿ ਸਰਕਾਰ ਵੱਲੋਂ ਇਸ ਵਿਸ਼ੇ ਦੀ ਟੈੱਟ ਪ੍ਰੀਖਿਆ ਕਦੇ ਲਈ ਅਤੇ ਨਾ ਹੀ ਇਸ ਵਿਸ਼ੇ ਦੀ ਯੋਗਤਾ ਪ੍ਰੀਖਿਆ ਸਬੰਧੀ ਕਦੇ ਕੋਈ ਵਿਸ਼ਾ ਜਨਤਕ ਕੀਤਾ ਹੈ। ਬੁਲਾਰਿਆਂ ਨੇ ਸਰਕਾਰ ਵੱਲੋਂ ਅਚਨਚੇਤ ਅਜਿਹਾ ਕਦਮ ਚੁੱਕਣ ਨਾਲ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੇ ਭਵਿੱਖ ’ਤੇ ਸੰਕਟ ਖੜਾ ਹੋ ਗਿਆ ਹੈ।
ਡੀਟੀਐੱਫ਼ ਦੇ ਮੀਤ ਪ੍ਰਧਾਨ ਜਗਪਾਲ ਬੰਗੀ, ਜਸਵਿੰਦਰ ਅੌਜਲਾ, ਰਾਜੀਵ ਬਰਨਾਲਾ, ਬੇਅੰਤ ਫੁੱਲੇਵਾਲਾ ਅਤੇ ਰਘਬੀਰ ਭਵਾਨੀਗੜ੍ਹ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਬੇਲੋੜੇ ਟੈੱਸਟਾਂ ਦੀ ਆੜ ਵਿੱਚ ਰੁਜ਼ਗਾਰ ਪ੍ਰਾਪਤੀ ਮੁਸ਼ਕਲ ਹੋ ਗਈ ਹੈ। ਦੂਜੇ ਪਾਸੇ, ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਤਹਿਤ ਅਸਾਮੀਆਂ ਦੀ ਛਾਂਟੀ ਰਾਹੀਂ ਸਰਕਾਰੀ ਵਿਭਾਗਾਂ ਵਿੱਚ ਆਕਾਰ ਘਟਾਈ ਨੀਤੀ ਲਾਗੂ ਕੀਤੀ ਜਾ ਰਹੀ ਹੈ। ਆਗੂਆਂ ਨੇ ਸਰਕਾਰ ਤੋਂ ਇਸ ਮਾਮਲੇ ਵਿੱਚ ਡੀਪੀਈ ਅਧਿਆਪਕਾਂ ਨੂੰ ਟੈੱਟ ਦੀ ਸ਼ਰਤ ਤੋਂ ਛੋਟ ਦੇਣ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ।