
ਡਾਕਟਰ ਆਹਲੂਵਾਲੀਆ ਨੇ ਸਿਵਲ ਸਰਵਿਸ ਪ੍ਰੀਖਿਆਵਾਂ ਵਿੱਚ ਹਾਸਲ ਕੀਤਾ 80ਵਾਂ ਰੈਂਕ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਇੱਥੋਂ ਦੇ ਫੇਜ਼-10 ਦੀ ਵਸਨੀਕ ਡਾ. ਦਰਪਣ ਆਹਲੂਵਾਲੀਆ (26) ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਗਈ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਵਿੱਚ 80ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹਾ ਮੁਹਾਲੀ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਹੋਣਹਾਰ ਲੜਕੀ ਦੇ ਪਿਤਾ ਡਾ. ਗੁਰਿੰਦਰ ਸਿੰਘ ਆਹਲੂਵਾਲੀਆ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਬਤੌਰ ਡਿਪਟੀ ਡਾਇਰੈਕਟਰ ਫਤਿਹਗੜ੍ਹ ਸਾਹਿਬ ਵਿੱਚ ਤਾਇਨਾਤ ਹਨ। ਉਨ੍ਹਾਂ ਕੋਲ ਸਦਰ ਦਫ਼ਤਰ ਪਸ਼ੂ ਪਾਲਣ ਡਾਇਰੈਕਟੋਰੇਟ ਦਾ ਵੀ ਵਾਧੂ ਚਾਰਜ ਹੈ। ਕਰੋਨਾ ਮਹਾਮਾਰੀ ਦੌਰਾਨ ਡਾਕਟਰ ਪਿਊ-ਧੀ ਨੇ ਫਰੰਟ ਲਾਈਨ ’ਤੇ ਕੰਮ ਕੀਤਾ ਹੈ।
ਡਾ. ਦਰਪਣ ਨੇ ਦੱਸਿਆ ਕਿ ਉਸ ਨੇ ਸਾਲ 2016-17 ਵਿੱਚ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਉਪਰੰਤ ਸਿਵਲ ਸਰਵਿਸਿਜ਼ ਪ੍ਰੀਖਿਆ ਦੇਣ ਦਾ ਮਨ ਬਣਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਛਾਤੀ ਦੇ ਕੈਂਸਰ ਦੀ ਜਾਗਰੂਕਤਾ ਲਈ ਕੰਮ ਕਰਦੀ ਇਕ ਸਮਾਜ ਸੇਵੀ ਸੰਸਥਾ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਅਤੇ ਨਾਲ-ਨਾਲ ਉਸ ਨੇ ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਆਮ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁੱਝ ਸਾਰਥਿਕ ਰੋਲ ਅਦਾ ਕਰ ਸਕੇ। ਉਨ੍ਹਾਂ ਦੱਸਿਆ ਕਿ ਉਸ ਨੇ ਸਾਲ 2018 ਦੀ ਮੁੱਖ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਇੰਟਰਵਿਊ ਵੀ ਦਿੱਤੀ ਗਈ ਸੀ। ਇਸ ਵਾਰ 2019 ਦੀਆਂ ਪ੍ਰੀਖਿਆਵਾਂ ਵਿੱਚ (ਜਿਸ ਦਾ ਨਤੀਜਾ ਅੱਜ ਹੀ ਐਲਾਨਿਆ ਗਿਆ ਹੈ) ਉਸ ਨੇ 80ਵਾਂ ਰੈਂਕ ਪ੍ਰਾਪਤ ਕੀਤਾ ਹੈ।